
ਫਾਜ਼ਿਲਕਾ, 13 ਮਈ (ਹਿੰ.ਸ.)। ਕਿਰਤੀ, ਕਾਮਿਆਂ, ਮੁਲਾਜ਼ਮਾਂ ਦੇ ਹੱਕਾਂ ਦੀ ਪ੍ਰਾਪਤੀ, ਪੰਜਾਬ ਸਰਕਾਰ ਵੱਲੋਂ ਉਜ਼ਰਤਾ 'ਚ ਕੀਤੇ ਨਿਗੁਣੇ ਵਾਧੇ ਅਤੇ ਕੇਂਦਰ ਸਰਕਾਰ ਵੱਲੋਂ ਕਿਰਤੀਆਂ ਦੇ ਹੱਕਾਂ ਦੇ ਖ਼ਿਲਾਫ਼ ਜਾਰੀ ਕੀਤੇ ਚਾਰ ਕਿਰਤ ਕਾਨੂੰਨਾਂ ਖਿਲਾਫ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਪੰਜਾਬ ਵੱਲੋਂ ਮੁਹਾਲੀ ਵਿਖੇ ਕਿਰਤ ਭਵਨ ਸਾਹਮਣੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ 'ਚ ਪੰਜਾਬ ਭਰ 'ਚ ਉਸਾਰੀ ਕਿਰਤੀ ਵੱਡੀ ਗਿਣਤੀ 'ਚ ਸ਼ਾਮਿਲ ਹੋਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਏਟਕ ਦੇ ਕਾਰਜਕਾਰੀ ਪ੍ਰਧਾਨ ਅਤੇ ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ (ਰਜਿ:) ਏਟਕ ਦੇ ਜਨਰਲ ਸਕੱਤਰ ਕਾਮਰੇਡ ਸੁਖਦੇਵ ਸ਼ਰਮਾ, ਡਿਪਟੀ ਜਨਰਲ ਸਕੱਤਰ ਐਡਵੋਕੇਟ ਪਰਮਜੀਤ ਢਾਬਾਂ, ਪ੍ਰਧਾਨ ਬੋਹੜ ਸਿੰਘ ਸੁਖਨਾ, ਸੀਨੀਅਰ ਮੀਤ ਪ੍ਰਧਾਨ ਭਰਪੂਰ ਬੁੱਲਾਂਪੁਰ ਅਤੇ ਖਜਾਨਚੀ ਪ੍ਰਦੀਪ ਚੀਮਾ ਨੇ ਪ੍ਰੈੱਸ ਦੇ ਨਾਂ ਜਾਰੀ ਕੀਤੇ ਸਾਂਝੇ ਬਿਆਨ 'ਚ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਰਤੀਆਂ ਦੀਆਂ ਉਜਰਤਾਂ 'ਚ 15 ਫੀਸਦੀ ਵਾਧਾ ਨਿਗੁਣਾ ਹੈ। ਏਟਕ ਮੰਗ ਕਰਦੀ ਹੈ ਕਿ ਕਿਰਤੀ ਦੀ ਪ੍ਰਤੀ ਮਹੀਨਾ ਉਜਰਤਾ ਘੱਟੋ ਘੱਟ 26000 ਰੁਪਏ ਲਾਗੂ ਕੀਤਾ ਜਾਵੇ। ਆਗੂਆਂ ਨੇ ਕਿਹਾ ਹੋਰਾਂ ਸੂਬਿਆਂ 'ਚ ਉਜ਼ਰਤਾਂ ਦਾ ਵੱਡਾ ਵਾਧਾ ਕੀਤਾ ਗਿਆ ਹੈ। ਏਟਕ ਵੱਲੋਂ ਉਜ਼ਰਤਾਂ ਦੇ ਵਾਧੇ ਲਈ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ 'ਚ ਉਸਾਰੀ ਕਿਰਤੀ ਨੂੰ ਵੱਡੀ ਗਿਣਤੀ 'ਚ ਸ਼ਾਮਿਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਨ।
ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ (ਰਜਿ:) ਏਟਕ ਵੱਲੋਂ ਬੀਤੇ ਦਿਨੀ ਕਿਰਤ ਭਵਨ ਮੁਹਾਲੀ ਵਿਖੇ ਲੇਬਰ ਕਮਿਸ਼ਨਰ ਨਾਲ ਹੋਈ ਮੀਟਿੰਗ 'ਚ ਲਏ ਗਏ ਫੈਸਲਿਆਂ ਨੂੰ ਅਜੇ ਤੱਕ ਲਾਗੂ ਨਾ ਕਰਨ ਬਾਰੇ ਚੇਤਾਵਨੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਲੇਬਰ ਕਮਿਸ਼ਨਰ ਵੱਲੋਂ ਯੂਨੀਅਨ ਦੇ ਆਗੂਆਂ ਨਾਲ ਕੀਤੀ ਮੀਟਿੰਗ 'ਚ ਸੰਬੰਧਿਤ ਅਧਿਕਾਰੀਆਂ ਨੂੰ ਲਏ ਗਏ ਫੈਸਲਿਆਂ ਨੂੰ ਤੁਰੰਤ ਅਮਲ 'ਚ ਲਿਆਉਣ ਦੀ ਗੱਲ ਕਹੀ ਸੀ, ਪ੍ਰੰਤੂ ਅਜੇ ਤੱਕ ਅਮਲ ਨਹੀਂ ਹੋਇਆ। ਆਗੂਆਂ ਨੇ ਇਹ ਵੀ ਕਿਹਾ ਕਿ ਲੇਬਰ ਕਮਿਸ਼ਨਰ ਨਾਲ ਹੋਈ ਮੀਟਿੰਗ 'ਚ ਲਏ ਗਏ ਫੈਸਲਿਆਂ ਨੂੰ ਤਰੁੰਤ ਲਾਗੂ ਕੀਤਾ ਜਾਵੇ। ਇਸ ਮੌਕੇ ਇਕਬਾਲ ਤਖਾਣਬੱਧ ਮੋਗਾ, ਰਣਜੀਤ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ, ਸੋਨਾ ਸਿੰਘ ਧੁੰਨਕੀਆਂ ਫਾਜ਼ਿਲਕਾ, ਲਖਵਿੰਦਰ ਅਟਾਰੀ, ਪਰਮਿੰਦਰ ਰਹਿਮੇ ਸ਼ਾਹ ਫਿਰੋਜ਼ਪੁਰ, ਸੁਰਿੰਦਰ ਭੈਣੀ ਮਲੇਰਕੋਟਲਾ, ਰਵੀ ਦੱਤ ਸੰਗਰੂਰ ਅਤੇ ਬਲਜੀਤ ਕੌਰ ਪਟਿਆਲਾ ਨੇ ਕਿਹਾ ਕਿ 19 ਦੀ ਸੂਬਾ ਪੱਧਰੀ ਰੈਲੀ ਨੂੰ ਕਾਮਯਾਬ ਬਣਾਉਣ ਲਈ ਸਾਰੇ ਸਾਥੀ ਆਪਣਾ ਪੂਰਾ ਜ਼ੋਰ ਲਗਾ ਦੇਣ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ