
ਫਾਜ਼ਿਲਕਾ, 02 ਮਈ (ਹਿੰ.ਸ.)| ਜ਼ਿਲ੍ਹਾ ਫਾਜ਼ਿਲਕਾ ਦੇ ਬਲਾਕ ਜਲਾਲਾਬਾਦ ਦੇ ਪਿੰਡ ਬਾਹਮਣੀਵਾਲਾ ਦੇ ਅਗਾਂਹਵਧੂ ਕਿਸਾਨ ਅਮਨਦੀਪ ਸਿੰਘ ਨੇ ਖੇਤੀ ਵਿੱਚ ਨਵੀਂ ਸੋਚ ਅਪਣਾ ਕੇ ਹੋਰਨਾਂ ਕਿਸਾਨਾਂ ਲਈ ਪ੍ਰੇਰਣਾ ਦਾ ਸਰੋਤ ਬਣਿਆ ਹੈ। ਉਹ ਪਿਛਲੇ ਪੰਜ ਸਾਲਾਂ ਤੋਂ ਝੋਨੇ ਦੀ ਪਰਾਲੀ ਅਤੇ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀ ਬਜਾਏ ਖੇਤਾਂ ਵਿੱਚ ਹੀ ਮਿਲਾ ਕੇ ਖੇਤੀ ਕਰ ਰਹੇ ਹਨ।
ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਡਾ. ਹਰਬੰਸ ਸਿੰਘ ਸਿੱਧੂ ਨੇ ਆਪਣੀ ਟੀਮ ਸਮੇਤ ਕਿਸਾਨ ਦੇ ਖੇਤ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੀਆਂ ਖੇਤੀ ਪ੍ਰਣਾਲੀਆਂ ਦੀ ਸਰਾਹਨਾ ਕੀਤੀ। ਉਨ੍ਹਾਂ ਦੱਸਿਆ ਕਿ ਅਮਨਦੀਪ ਸਿੰਘ ਵੱਲੋਂ ਹਰ ਸਾਲ ਮਿੱਟੀ ਦੀ ਜਾਂਚ ਕਰਵਾ ਕੇ ਉਸਦੇ ਆਧਾਰ ‘ਤੇ ਹੀ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਖਾਸ ਗੱਲ ਇਹ ਹੈ ਕਿ ਕਿਸਾਨ ਵੱਲੋਂ ਕਣਕ ਦੀ ਬਿਜਾਈ ਦੌਰਾਨ ਡੀਏਪੀ ਖਾਦ ਦੀ ਵਰਤੋਂ ਨਹੀਂ ਕੀਤੀ ਜਾਂਦੀ, ਫਿਰ ਵੀ ਉਨ੍ਹਾਂ ਦੀ ਫਸਲ ਦਾ ਉਤਪਾਦਨ ਵਧੀਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਤੋਂ ਉਹ ਪਰਾਲੀ ਅਤੇ ਨਾੜ ਨੂੰ ਖੇਤਾਂ ਵਿੱਚ ਹੀ ਵਾਹ ਕੇ ਬਿਜਾਈ ਕਰ ਰਹੇ ਹਨ, ਤਦੋਂ ਤੋਂ ਜ਼ਮੀਨ ਦੀ ਉਪਜਾਊ ਸਕਤੀ ਵਿੱਚ ਵਾਧਾ ਹੋਇਆ ਹੈ ਅਤੇ ਫਸਲ ਦਾ ਝਾੜ ਵੀ ਪਹਿਲਾਂ ਨਾਲੋਂ ਵਧ ਗਿਆ ਹੈ।
ਡਾ. ਸਿੱਧੂ ਨੇ ਹੋਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਤਰੀਕੇ ਨੂੰ ਅਪਣਾ ਕੇ ਪਰਾਲੀ ਸਾੜਨ ਤੋਂ ਬਚਣ, ਤਾਂ ਜੋ ਮਿੱਟੀ ਦੀ ਸਿਹਤ ਸੁਧਰੇ ਅਤੇ ਉਤਪਾਦਨ ਵਿੱਚ ਵਾਧਾ ਹੋਵੇ।
ਕਿਸਾਨ ਅਮਨਦੀਪ ਸਿੰਘ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਵਾਤਾਵਰਣ ਨੂੰ ਭਾਰੀ ਨੁਕਸਾਨ ਹੁੰਦਾ ਹੈ। ਧੂੰਏ ਕਾਰਨ ਸੜਕ ਹਾਦਸਿਆਂ ਦਾ ਖਤਰਾ ਵਧਦਾ ਹੈ ਅਤੇ ਲੋਕਾਂ ਵਿੱਚ ਸਾਹ ਅਤੇ ਚਮੜੀ ਦੀਆਂ ਬਿਮਾਰੀਆਂ ਵੀ ਫੈਲਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤਰੀਕੇ ਨਾਲ ਖੇਤੀ ਕਰਨ ਨਾਲ ਉਨ੍ਹਾਂ ਦੀ ਆਮਦਨੀ ਵਿੱਚ ਵਾਧਾ ਹੋਇਆ ਹੈ ਅਤੇ ਖਰਚੇ ਵਿੱਚ ਕਮੀ ਆਈ ਹੈ।
ਇਹ ਮਾਡਲ ਖੇਤੀ ਪ੍ਰਣਾਲੀ ਹੋਰਨਾਂ ਕਿਸਾਨਾਂ ਲਈ ਇੱਕ ਵਧੀਆ ਉਦਾਹਰਨ ਸਾਬਤ ਹੋ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH