
ਚੰਡੀਗੜ੍ਹ, 02 ਮਈ (ਹਿੰ.ਸ.)| ਪੰਜਾਬ ਅਤੇ ਚੰਡੀਗੜ੍ਹ ਵਿੱਚ ਗਰਮੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲਣ ਦੀ ਸੰਭਾਵਨਾ ਬਣ ਗਈ ਹੈ। ਮੌਸਮ ਵਿਭਾਗ ਦੇ ਅਨੁਸਾਰ ਸ਼ਨੀਵਾਰ ਤੋਂ ਅਗਲੇ ਪੰਜ ਦਿਨਾਂ ਤੱਕ ਕਈ ਇਲਾਕਿਆਂ ਵਿੱਚ ਗਰਜ-ਚਮਕ ਨਾਲ ਮੀਂਹ ਪੈਣ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਸਬੰਧੀ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਪਹਾੜੀ ਇਲਾਕਿਆਂ ਵਿੱਚ ਹੋਈ ਬਾਰਿਸ਼ ਅਤੇ ਗੜ੍ਹੇਮਾਰੀ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਤਾਪਮਾਨ ਵਿੱਚ 1.1 ਡਿਗਰੀ ਸੈਲਸੀਅਸ ਦੀ ਘੱਟ ਦਰਜ ਕੀਤਾ ਗਿਆ ਹੈ, ਜਿਸ ਨਾਲ ਇਹ ਆਮ ਤੋਂ 2.8 ਡਿਗਰੀ ਘੱਟ ਹੋ ਗਿਆ ਹੈ।
ਮੌਸਮ ਵਿਭਾਗ ਮੁਤਾਬਕ ਅੱਜ ਪਠਾਨਕੋਟ, ਹੋਸ਼ਿਆਰਪੁਰ, ਫਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ ਅਤੇ ਰੂਪਨਗਰ ਵਿੱਚ ਆੰਧੀ-ਤੂਫ਼ਾਨ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਕੁਝ ਥਾਵਾਂ ‘ਤੇ ਬਿਜਲੀ ਚਮਕਣ ਅਤੇ ਤੇਜ਼ ਹਵਾਵਾਂ ਦਾ ਵੀ ਖਤਰਾ ਹੈ।
ਸਾਰੇ ਜ਼ਿਲ੍ਹਿਆਂ ਦਾ ਤਾਪਮਾਨ 40 ਡਿਗਰੀ ਤੋਂ ਹੇਠਾਂ
ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਹੇਠਾਂ ਦਰਜ ਕੀਤਾ ਗਿਆ ਹੈ। 11 ਜ਼ਿਲ੍ਹਿਆਂ ਵਿੱਚ ਪਾਰਾ 35 ਤੋਂ 40 ਡਿਗਰੀ ਦਰਮਿਆਨ ਰਿਹਾ। ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 39.9 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿੱਚ 35.8 ਡਿਗਰੀ, ਲੁਧਿਆਣਾ ਵਿੱਚ 35.2 ਡਿਗਰੀ (3 ਡਿਗਰੀ ਦੀ ਘਟੌਤਰੀ), ਪਟਿਆਲਾ ਵਿੱਚ 35.6 ਡਿਗਰੀ (1.9 ਡਿਗਰੀ ਦੀ ਘਟੌਤਰੀ) ਦਰਜ ਹੋਈ। ਚੰਡੀਗੜ੍ਹ ਦਾ ਤਾਪਮਾਨ 35.2 ਡਿਗਰੀ ਰਿਹਾ, ਜਿੱਥੇ 1.6 ਡਿਗਰੀ ਦੀ ਕਮੀ ਆਈ। ਪਠਾਨਕੋਟ ਵਿੱਚ ਤਾਪਮਾਨ 36 ਡਿਗਰੀ ‘ਤੇ ਸਥਿਰ ਰਿਹਾ, ਜਦਕਿ ਫਾਜ਼ਿਲਕਾ ਵਿੱਚ 37.5 ਡਿਗਰੀ ਅਤੇ ਫਿਰੋਜ਼ਪੁਰ ਵਿੱਚ 37.2 ਡਿਗਰੀ ਦਰਜ ਕੀਤਾ ਗਿਆ। ਭਾਖੜਾ ਡੈਮ ਇਲਾਕੇ ਵਿੱਚ 36 ਡਿਗਰੀ ਨਾਲ 2.3 ਡਿਗਰੀ ਦੀ ਘਟੌਤਰੀ ਦਰਜ ਕੀਤੀ ਗਈ।
ਵੈਸਟਰਨ ਡਿਸਟਰਬੈਂਸ ਨਾਲ ਮੌਸਮ ‘ਚ ਬਦਲਾਅ
ਮੌਸਮ ਵਿਭਾਗ ਦੇ ਅਨੁਸਾਰ ਅੱਜ ਪਹਾੜੀ ਇਲਾਕਿਆਂ ਵਿੱਚ ਵੈਸਟਰਨ ਡਿਸਟਰਬੈਂਸ ਦਾਖਲ ਹੋਵੇਗਾ। ਇਸ ਦੇ ਨਾਲ ਹੀ ਦਿੱਲੀ ਅਤੇ ਹਰਿਆਣਾ ਦੇ ਨੇੜੇ ਸਾਈਕਲੋਨਿਕ ਸਰਕੂਲੇਸ਼ਨ ਬਣਿਆ ਹੋਇਆ ਹੈ, ਜਦਕਿ ਪੱਛਮੀ ਬੰਗਾਲ ‘ਤੇ ਵੀ ਇਸ ਤਰ੍ਹਾਂ ਦੀ ਗਤੀਵਿਧੀ ਜਾਰੀ ਹੈ। ਰਾਜਸਥਾਨ ਉੱਪਰ ਵੀ ਇੱਕ ਨਵਾਂ ਸਾਈਕਲੋਨਿਕ ਸਰਕੂਲੇਸ਼ਨ ਬਣ ਸਕਦਾ ਹੈ ਅਤੇ ਅਰਬ ਸਾਗਰ ਤੋਂ ਆ ਰਹੀ ਨਮੀ ਕਾਰਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਦੇ ਚਾਂਸ ਵਧ ਗਏ ਹਨ। ਹਾਲਾਂਕਿ 3 ਮਈ ਨੂੰ ਮੌਸਮ ਵਿੱਚ ਵੱਡਾ ਬਦਲਾਅ ਆਉਣ ਦੀ ਸੰਭਾਵਨਾ ਘੱਟ ਹੈ, ਪਰ ਕੁੱਲ ਮਿਲਾ ਕੇ ਅਗਲੇ ਕੁਝ ਦਿਨਾਂ ਵਿੱਚ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH