
ਹੁਸ਼ਿਆਰਪੁਰ, 02 ਮਈ (ਹਿੰ.ਸ.)। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ‘ਵਿਸ਼ਵ ਰੈੱਡ ਕਰਾਸ ਦਿਵਸ 2026’ ਦੇ ਮੌਕੇ 'ਤੇ “ਪ੍ਰੋਜੈਕਟ ਰੋਸ਼ਨੀ” ਤਹਿਤ ਬੱਚਿਆਂ ਦੀ ਸਿਹਤ ਸੰਭਾਲ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ ਅਤੇ ਡੀ.ਐਮ.ਸੀ. ਲੁਧਿਆਣਾ ਦੇ ਸਾਂਝੇ ਸਹਿਯੋਗ ਨਾਲ 8 ਮਈ, 2026 ਨੂੰ ਸਵੇਰੇ 09:00 ਵਜੇ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਮਾਡਲ ਸਕੂਲ, ਨੇੜੇ ਸ਼ਿਮਲਾ ਪਹਾੜੀ ਚੌਕ, ਮਾਲ ਰੋਡ, ਹੁਸ਼ਿਆਰਪੁਰ ਵਿਖੇ ਮੁਫ਼ਤ ਅੱਖਾਂ ਦਾ ਮੈਡੀਕਲ ਕੈਂਪ ਲਗਵਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਅੱਖਾਂ ਦੀ ਸਿਹਤ ਪ੍ਰਤੀ ਸੁਚੇਤ ਹੋਣ ਅਤੇ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਵਧੇਰੇ ਜਾਣਕਾਰੀ ਦਿੰਦੇ ਹੋਏ ਸਕੱਤਰ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਇਸ ਕੈਂਪ ਦੌਰਾਨ 18 ਸਾਲ ਤੱਕ ਦੀ ਉਮਰ ਦੇ ਬੱਚਿਆਂ ਵਿੱਚ ਵਧ ਰਹੀਆਂ ਅੱਖਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਡੀ.ਐਮ.ਸੀ. ਲੁਧਿਆਣਾ ਦੇ ਮਾਹਰ ਡਾਕਟਰਾਂ ਵੱਲੋਂ ਚੈੱਕਅੱਪ ਕੀਤਾ ਜਾਵੇਗਾ। ਖਾਸ ਕਰਕੇ ਉਨ੍ਹਾਂ ਬੱਚਿਆਂ ਲਈ ਇਹ ਸੁਨਹਿਰੀ ਮੌਕਾ ਹੈ ਜਿਨ੍ਹਾਂ ਦੀ ਨਜ਼ਰ ਦੀ ਕਮਜ਼ੋਰੀ: ਦੂਰ (ਬਲੈਕਬੋਰਡ/ਟੀ.ਵੀ.) ਜਾਂ ਨੇੜੇ (ਪੜ੍ਹਨ/ਲਿਖਣ) ਦੀ ਨਜ਼ਰ ਵਿੱਚ ਮੁਸ਼ਕਿਲ, ਸਰੀਰਕ ਲੱਛਣ: ਅੱਖਾਂ ਵਿੱਚੋਂ ਪਾਣੀ ਆਉਣਾ, ਲਾਲੀ ਰਹਿਣਾ, ਅੱਖਾਂ 'ਤੇ ਬੋਝ ਜਾਂ ਲਗਾਤਾਰ ਸਿਰ ਦਰਦ ਹੋਣਾ, ਗੰਭੀਰ ਸਮੱਸਿਆਵਾਂ: ਭੇਂਗਾਪਣ, ਅੱਖ ਵਿੱਚ ਚਿੱਟਾ ਧੱਬਾ, ਪਲਕਾਂ ਦਾ ਝੁਕਣਾ ਜਾਂ ਅੱਖ 'ਤੇ ਲੱਗੀ ਪੁਰਾਣੀ ਸੱਟ, ਮੁਫ਼ਤ ਸਰਜਰੀ: ਇਸ ਕੈਂਪ ਵਿੱਚ ਜਾਂਚ ਉਪਰੰਤ ਅਜਿਹੇ ਬੱਚੇ ਜੋ ਆਰਥਿਕ ਤੰਗੀ ਕਾਰਨ ਅਪਰੇਸ਼ਨ ਕਰਵਾਉਣ ਵਿੱਚ ਅਸਮਰੱਥ ਹਨ, ਦੀ ਸਰਜਰੀ, ਡੀ.ਐਮ.ਸੀ., ਲੁਧਿਆਣਾ ਵੱਲੋਂ ਬਿਲਕੁਲ ਮੁਫ਼ਤ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ