
ਅੰਮ੍ਰਿਤਸਰ, 24 ਮਈ (ਹਿੰ.ਸ.)| ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਦੀ ਸ਼ਿੰਗਾਰ ਐਵੇਨਿਊ ਵਿੱਚ ਸ਼ਨੀਵਾਰ ਦੇਰ ਰਾਤ ਖੇਡਦੇ ਸਮੇਂ ਪਿਤਾ ਦੀ ਲਾਇਸੈਂਸੀ ਪਿਸਤੌਲ ਤੋਂ ਗੋਲੀ ਚੱਲਣ ਕਾਰਨ 3 ਸਾਲਾ ਮਾਸੂਮ ਵੰਸ਼ ਦੀ ਮੌਤ ਹੋ ਗਈ, ਜਦਕਿ ਨੇੜੇ ਖੜ੍ਹੀ ਉਸ ਦੀ ਦਾਦੀ ਵੀ ਜ਼ਖ਼ਮੀ ਹੋ ਗਈ।
ਜਾਣਕਾਰੀ ਅਨੁਸਾਰ ਬੱਚੇ ਦੇ ਪਿਤਾ ਸਾਜਨ ਸਵੇਰੇ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਪੀਟੀਐਮ ਲਈ ਲੈ ਕੇ ਗਏ ਸਨ ਅਤੇ ਉਨ੍ਹਾਂ ਕੋਲ ਲਾਇਸੈਂਸੀ ਪਿਸਤੌਲ ਵੀ ਸੀ। ਘਰ ਵਾਪਸ ਆਉਣ ਤੋਂ ਬਾਅਦ ਕੱਪੜੇ ਬਦਲਦੇ ਸਮੇਂ ਉਨ੍ਹਾਂ ਨੇ ਲੋਡ ਕੀਤੀ ਹੋਈ ਪਿਸਤੌਲ ਬੈੱਡ ਉੱਪਰ ਰੱਖ ਦਿੱਤੀ।
ਇਸ ਦੌਰਾਨ ਖੇਡਦੇ-ਖੇਡਦੇ ਮਾਸੂਮ ਵੰਸ਼ ਨੇ ਪਿਸਤੌਲ ਚੁੱਕ ਲਈ ਅਤੇ ਅਚਾਨਕ ਟ੍ਰਿੱਗਰ ਦਬ ਗਿਆ। ਗੋਲੀ ਵੰਸ਼ ਦੇ ਆਰ-ਪਾਰ ਹੋ ਗਈ ਅਤੇ ਨੇੜੇ ਖੜ੍ਹੀ ਉਸ ਦੀ ਦਾਦੀ ਨੂੰ ਵੀ ਜਾ ਲੱਗੀ।
ਘਟਨਾ ਤੋਂ ਬਾਅਦ ਘਰ ਵਿੱਚ ਚੀਖ-ਪੁਕਾਰ ਮਚ ਗਈ। ਪਰਿਵਾਰਕ ਮੈਂਬਰ ਤੁਰੰਤ ਬੱਚੇ ਅਤੇ ਜ਼ਖ਼ਮੀ ਮਹਿਲਾ ਨੂੰ ਹਸਪਤਾਲ ਲੈ ਕੇ ਪਹੁੰਚੇ, ਪਰ ਡਾਕਟਰਾਂ ਨੇ ਵੰਸ਼ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਵੰਸ਼ ਜੁੜਵਾ ਭਰਾਵਾਂ ਵਿੱਚੋਂ ਇੱਕ ਸੀ ਅਤੇ ਉਸ ਦੀ ਅਚਾਨਕ ਮੌਤ ਨਾਲ ਪਰਿਵਾਰ ਪੂਰੀ ਤਰ੍ਹਾਂ ਟੁੱਟ ਗਿਆ ਹੈ।
ਸੂਚਨਾ ਮਿਲਣ ਉੱਪਰੰਤ ਥਾਣਾ ਛੇਹਰਟਾ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਛੇਹਰਟਾ ਦੇ ਐੱਸਐੱਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਮਾਮਲਾ ਲਾਪਰਵਾਹੀ ਕਾਰਨ ਵਾਪਰੇ ਹਾਦਸੇ ਵਜੋਂ ਸਾਹਮਣੇ ਆ ਰਿਹਾ ਹੈ। ਪੁਲਿਸ ਮੁਤਾਬਕ ਪਿਸਤੌਲ ਅਨਲਾਕ ਹਾਲਤ ਵਿੱਚ ਸੀ, ਜਿਸ ਕਾਰਨ ਬੱਚੇ ਨੇ ਆਸਾਨੀ ਨਾਲ ਉਸਨੂੰ ਚੁੱਕ ਲਿਆ। ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਰ ਪੱਖ ਤੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH