
ਚੰਡੀਗੜ੍ਹ, 24 ਮਈ (ਹਿੰ.ਸ.)| ਸੀਨੀਅਰ ਕਾਂਗਰਸੀ ਆਗੂ ਅਤੇ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ ਚੰਦ ਸ਼ਰਮਾ ਮੱਛਲੀ ਕਲਾਂ ਨੇ ਕਿਹਾ ਹੈ ਕਿ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਇੱਕ ਪਾਸੇ ਤਾਂ ਬਿਜਲੀ ਵਾਧੂ ਹੋਣ ਦੇ ਦਮਗਜੇ ਮਾਰਦੀ ਰਹਿੰਦੀ ਹੈ ਪਰੰਤੂ ਦੂਜੇ ਪਾਸੇ ਪਿੰਡਾਂ ਵਿਚ ਲਗ ਰਹੇ ਬਿਜਲੀ ਦੇ ਲੰਮੇ ਲੰਮੇ ਕੱਟ ਪੰਜਾਬ ਸਰਕਾਰ ਦੇ ਝੂਠ ਦੀ ਪੋਲ ਖੋਲ੍ਹ ਰਹੇ ਹਨ।
ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਗਰਮੀਆਂ ਦੇ ਮੌਸਮ ਵਿਚ ਲਗ ਰਹੇ ਇਨ੍ਹਾਂ ਅਣ ਐਲਾਨੇ ਬਿਜਲੀ ਕੱਟਾਂ ਕਾਰਨ ਸਮਾਜ ਦਾ ਹਰੇਕ ਵਰਗ ਪ੍ਰੇਸ਼ਾਨ ਹੈ ਅਤੇ ਪੰਜਾਬ ਪਰਕਾਰ ਨੂੰ ਕੋਸ ਰਿਹਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਪਿੰਡਾਂ ਅੰਦਰ ਰਾਤ ਨੂੰ ਰੋਜਾਨਾ ਹੀ ਲਗਭਗ ਦੋ ਤੋਂ ਤਿੰਨ ਘੰਟੇ ਲੰਮੇ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ ਜਿਨ੍ਹਾਂ ਕਾਰਨ ਪਿੰਡਾਂ ਦੇ ਲੋਕਾਂ ਦੀ ਰਾਤਾਂ ਦੀ ਨੀਂਦ ਹਰਾਮ ਹੋਈ ਪਈ ਹੈ ਕਿਉਂਕਿ ਭਰ ਗਰਮੀ ਦੇ ਇਸ ਮੌਸਮ ਵਿਚ ਇੱਕ ਤਾਂ ਮੱਛਰਾਂ ਦੀ ਭਰਮਾਰ ਹੈ ਦੂਜਾ ਗਰਮੀ ਤੇ ਪਸੀਨੇ ਕਾਰਨ ਲੋਕ ਪ੍ਰੇਸ਼ਾਨ ਹੁੰਦੇ ਰਹਿੰਦੇ ਹਨ।
ਬਿਜਲੀ ਕੱਟਾਂ ਕਾਰਨ ਜਿਥੇ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ ਉਥੇ ਹੀ ਲੋਕਾਂ ਨੂੰ ਪਸ਼ੂਆਂ ਲਈ ਹਰਾ ਚਾਰਾ ਕੁਤਰਨ ਵਿਚ ਵੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਇਸ ਤੋਂ ਇਲਾਵਾ ਖੇਤਾਂ ਦੀ ਬਿਜਲੀ ਸਪਲਾਈ ਵੀ ਸੁਚਾਰੂ ਨਾ ਹੋਣ ਕਾਰਨ ਕਿਸਾਨਾਂ ਦਾ ਹਰਾ ਚਾਰਾ ਸੁੱਕਣ ਲੱਗਾ ਹੈ। ਸਬਜੀਆਂ ਦੀਆਂ ਵੇਲਾਂ ਸੁੱਕਣ ਕਿਨਾਰੇ ਪਹੁੰਚ ਚੁਕੀਆਂ ਹਨ ਅਤੇ ਕਿਸਾਨਾਂ ਨੂੰ ਮਹਿੰਗੇ ਮੁੱਲ ਦਾ ਡੀਜਲ ਫੂਕ ਕੇ ਆਪਣੀ ਫਸਲਾਂ ਜਨਰੇਟਰਾਂ ਰਾਹੀਂ ਟਿਊਬਵੈਲ ਚਲਾ ਕੇ ਪਾਲਣੀਆਂ ਪੈ ਰਹੀਆਂ ਹਨ। ਉਨ੍ਹਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਕੋਲੋਂ ਤੁਰੰਤ ਇਸ ਪਾਸੇ ਧਿਆਨ ਦੇਣ ਦੀ ਅਪੀਲ ਕਰਦਿਆਂ ਬਿਜਲੀ ਦੀ ਸਪਲਾਈ ਜਲਦ ਤੋਂ ਜਲਦ ਸੁਚਾਰੂ ਕਰਨ ਦੀ ਮੰਗ ਕੀਤੀ।
ਹਿੰਦੂਸਥਾਨ ਸਮਾਚਾਰ / GURSHARAN SINGH