
ਚੰਡੀਗੜ੍ਹ, 03 ਮਈ (ਹਿੰ.ਸ.)| ਸਵੈ-ਗਣਨਾ ਤੋਂ ਬਾਅਦ ਹੁਣ ਚੰਡੀਗੜ੍ਹ ਵਿੱਚ ਘਰ-ਘਰ ਜਾ ਕੇ ਜਨਗਣਨਾ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਜੋ 30 ਮਈ ਤੱਕ ਜਾਰੀ ਰਹੇਗੀ। ਜਿਨ੍ਹਾਂ ਲੋਕਾਂ ਨੇ ਪਹਿਲਾਂ ਖੁਦ ਰਜਿਸਟ੍ਰੇਸ਼ਨ ਕਰਕੇ ਜਾਣਕਾਰੀ ਭਰੀ ਸੀ, ਹੁਣ ਗਣਨਾਕਰਤਾ ਉਨ੍ਹਾਂ ਦੇ ਘਰ ਜਾ ਕੇ ਡਾਟਾ ਦੀ ਤਸਦੀਕ ਕਰਨਗੇ।
ਜਿਨ੍ਹਾਂ ਨੇ ਸਵੈ-ਗਣਨਾ ਵਿੱਚ ਹਿੱਸਾ ਨਹੀਂ ਲਿਆ, ਉਨ੍ਹਾਂ ਤੋਂ ਸਿੱਧੇ 33 ਸਵਾਲ ਪੁੱਛ ਕੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਪ੍ਰਸ਼ਾਸਨ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਜਨਗਣਨਾ ਦੌਰਾਨ ਕਿਸੇ ਵੀ ਤਰ੍ਹਾਂ ਦੇ ਦਸਤਾਵੇਜ਼ ਦੀ ਮੰਗ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਕੋਈ ਓ ਟੀ ਪੀ ਮੰਗਿਆ ਜਾਵੇਗਾ। ਸਿਰਫ ਸਵੈ-ਗਣਨਾ ਸਮੇਂ ਮਿਲਿਆ ਨੰਬਰ ਹੀ ਲਿਆ ਜਾਵੇਗਾ।
ਜਨਗਣਨਾ ਦੀ ਇਹ ਪ੍ਰਕਿਰਿਆ ਦੋ ਪੜਾਵਾਂ ਵਿੱਚ ਹੋ ਰਹੀ ਹੈ। ਪਹਿਲੇ ਪੜਾਅ ਵਿੱਚ ਘਰ ਦੀ ਹਾਲਤ, ਉਪਲਬਧ ਸਹੂਲਤਾਂ ਅਤੇ ਜਾਇਦਾਦ ਸੰਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਦੂਜੇ ਪੜਾਅ ਵਿੱਚ ਜਾਤੀ, ਧਰਮ, ਆਧਾਰ ਆਦਿ ਨਾਲ ਜੁੜੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਇਸ ਮੁਹਿੰਮ ਲਈ ਸ਼ਹਿਰ ਵਿੱਚ 2045 ਹਾਊਸ ਲਿਸਟਿੰਗ ਬਲਾਕ ਬਣਾਏ ਗਏ ਹਨ ਅਤੇ 2050 ਗਣਨਾਕਰਤਾ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਦੀ ਨਿਗਰਾਨੀ ਲਈ 375 ਸੁਪਰਵਾਈਜ਼ਰ ਲਗਾਏ ਗਏ ਹਨ। ਸਾਰੇ ਕਰਮਚਾਰੀਆਂ ਨੂੰ ਪਹਿਲਾਂ ਹੀ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ।
ਜਨਗਣਨਾ ਲਈ ਪੂਰੇ ਚੰਡੀਗੜ੍ਹ ਨੂੰ 10 ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਹਰ ਹਿੱਸੇ ਵਿੱਚ ਲਗਭਗ 225 ਗਣਨਾਕਰਤਾ ਘਰ-ਘਰ ਜਾ ਕੇ ਲੋਕਾਂ ਤੋਂ ਘਰ, ਪਰਿਵਾਰ, ਜਾਇਦਾਦ ਅਤੇ ਬੁਨਿਆਦੀ ਸਹੂਲਤਾਂ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਨ। ਇਸ ਦੌਰਾਨ ਲੋਕਾਂ ਤੋਂ ਰੇਡੀਓ, ਟ੍ਰਾਂਜਿਸਟਰ, ਟੈਲੀਵਿਜ਼ਨ, ਇੰਟਰਨੈੱਟ, ਲੈਪਟਾਪ, ਟੈਲੀਫੋਨ, ਮੋਬਾਈਲ ਫੋਨ, ਸਮਾਰਟਫੋਨ ਅਤੇ ਵਾਹਨਾਂ ਬਾਰੇ ਵੀ ਜਾਣਕਾਰੀ ਲਈ ਜਾ ਰਹੀ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਨਗਣਨਾ ਦੇ ਨਾਂ ‘ਤੇ ਕਿਸੇ ਵੀ ਕਿਸਮ ਦੀ ਠੱਗੀ ਜਾਂ ਫਰਜ਼ੀ ਕਾਲ ਤੋਂ ਸਾਵਧਾਨ ਰਹਿਣ ਅਤੇ ਸਿਰਫ ਅਧਿਕਾਰਤ ਗਣਨਾਕਰਤਿਆਂ ਨੂੰ ਹੀ ਜਾਣਕਾਰੀ ਪ੍ਰਦਾਨ ਕਰਨ।
ਹਿੰਦੂਸਥਾਨ ਸਮਾਚਾਰ / GURSHARAN SINGH