
ਖੰਨਾ,03 ਮਈ (ਹਿੰ.ਸ.)। ਖੰਨਾ ਪੁਲਿਸ ਵਿੱਚ ਏਕਤਾ, ਭਰੋਸੇ ਅਤੇ ਭਾਈਚਾਰੇ ਦੀ ਮਜ਼ਬੂਤ ਮਿਸਾਲ ਪੇਸ਼ ਕਰਦੇ ਹੋਏ ਸੀਨੀਅਰ ਪੁਲਿਸ ਕਪਤਾਨ (ਐੱਸ.ਐੱਸ.ਪੀ) ਖੰਨਾ ਡਾ. ਦਰਪਣ ਆਹਲੂਵਾਲੀਆ ਵੱਲੋਂ ਇੱਕ ਵਿਸ਼ੇਸ਼ “ਬੜਾ ਖਾਣਾ” ਦਾ ਆਯੋਜਨ ਕੀਤਾ ਗਿਆ, ਜਿਸ ਨੇ ਸਾਰੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚ ਨਵੀਂ ਉਰਜਾ ਅਤੇ ਜਜ਼ਬਾ ਭਰ ਦਿੱਤਾ। ਇਸ ਖਾਸ ਮੌਕੇ ‘ਤੇ ਸਿਵਲ ਅਤੇ ਨਿਆਂਇਕ ਅਧਿਕਾਰੀਆਂ ਦੇ ਨਾਲ-ਨਾਲ ਗਜ਼ਟਿਡ ਅਫਸਰਾਂ, ਐਸਐਚਓਜ਼ ਅਤੇ ਹੋਰ ਸਾਰੇ ਪੁਲਿਸ ਕਰਮਚਾਰੀ ਸ਼ਾਮਲ ਹੋਏ, ਜਿਸ ਨਾਲ ਇੱਕ ਪਰਿਵਾਰਕ ਮਾਹੌਲ ਦੀ ਝਲਕ ਵੇਖਣ ਨੂੰ ਮਿਲੀ।
ਇਹ ਆਯੋਜਨ ਸਿਰਫ ਇੱਕ ਸਾਂਝੇ ਭੋਜਨ ਤੱਕ ਸੀਮਿਤ ਨਹੀਂ ਰਿਹਾ, ਬਲਕਿ ਇਸਨੇ ਪੁਲਿਸ ਵਿਭਾਗ ਵਿੱਚ ਮਜ਼ਬੂਤ ਟੀਮ ਵਰਕ, ਆਪਸੀ ਸਹਿਯੋਗ ਅਤੇ ਸੰਚਾਰ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਐੱਸ.ਐੱਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਇਸ ਦੌਰਾਨ ਸਟਾਫ ਨਾਲ ਨਜ਼ਦੀਕੀ ਤੌਰ ‘ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ। ਉਨ੍ਹਾਂ ਨੇ ਹਰ ਇੱਕ ਮਸਲੇ ਨੂੰ ਸੰਵੇਦਨਸ਼ੀਲਤਾ ਨਾਲ ਲੈਂਦੇ ਹੋਏ ਤੁਰੰਤ ਹੱਲਾਂ ‘ਤੇ ਵੀ ਵਿਚਾਰ ਕੀਤਾ, ਜਿਸ ਨਾਲ ਕਰਮਚਾਰੀਆਂ ਵਿੱਚ ਵਿਸ਼ਵਾਸ ਅਤੇ ਸੰਤੁਸ਼ਟੀ ਦਾ ਮਾਹੌਲ ਬਣਿਆ।
ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੁਲਿਸ ਸਿਰਫ ਕਾਨੂੰਨ ਦੀ ਰੱਖਿਆ ਕਰਨ ਵਾਲੀ ਫੋਰਸ ਹੀ ਨਹੀਂ, ਸਗੋਂ ਇੱਕ ਪਰਿਵਾਰ ਵੀ ਹੈ, ਜਿੱਥੇ ਹਰ ਇੱਕ ਮੈਂਬਰ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ। ਉਨ੍ਹਾਂ ਨੇ ਟੀਮ ਵਰਕ ਨੂੰ ਸਫਲਤਾ ਦੀ ਕੁੰਜੀ ਦੱਸਦੇ ਹੋਏ ਸਾਰੇ ਅਧਿਕਾਰੀਆਂ ਨੂੰ ਜਨਤਕ ਸੇਵਾ ਪ੍ਰਤੀ ਹੋਰ ਸਮਰਪਿਤ ਰਹਿਣ ਦੀ ਅਪੀਲ ਕੀਤੀ।
ਇਸ “ਬੜੇ ਖਾਣੇ” ਨੇ ਪੁਲਿਸ ਕਰਮਚਾਰੀਆਂ ਨੂੰ ਇੱਕ ਮੰਚ ਪ੍ਰਦਾਨ ਕੀਤਾ, ਜਿੱਥੇ ਉਹ ਆਪਣੇ ਵਿਚਾਰ ਸਾਂਝੇ ਕਰ ਸਕੇ ਅਤੇ ਇਕ ਦੂਜੇ ਨਾਲ ਮਜ਼ਬੂਤ ਰਿਸ਼ਤੇ ਬਣਾਉਣ ਵਿੱਚ ਕਾਮਯਾਬ ਰਹੇ। ਇਸ ਤਰ੍ਹਾਂ ਦੇ ਉਪਰਾਲੇ ਨਾ ਸਿਰਫ ਮਨੋਬਲ ਵਧਾਉਂਦੇ ਹਨ, ਸਗੋਂ ਡਿਊਟੀ ਦੌਰਾਨ ਇਕੱਠੇ ਹੋ ਕੇ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਹਿੰਮਤ ਵੀ ਦਿੰਦੇ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ