
ਕਿਹਾ- ਇਜਾਜ਼ਤ ਲੈ ਕੇ ਹੀ ਦਿੱਲੀ ਤੋਂ ਰਵਾਨਾ ਹੋਇਆ ਸੀ
ਚੰਡੀਗੜ੍ਹ, 30 ਮਈ (ਹਿੰ.ਸ.)| ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ
ਨੇ ਕਾਂਗਰਸ ਹਾਈਕਮਾਨ ਨਾਲ ਹੋਈ ਮੀਟਿੰਗ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਨੂੰ ਖਾਰਜ ਕਰਦਿਆਂ
ਕਿਹਾ ਹੈ ਕਿ ਉਹ ਕਿਸੇ ਨਾਰਾਜ਼ਗੀ ਕਾਰਨ ਮੀਟਿੰਗ ਛੱਡ ਕੇ ਨਹੀਂ ਗਏ ਸਨ। ਉਨ੍ਹਾਂ ਸਪੱਸ਼ਟ ਕੀਤਾ
ਕਿ ਆਪਣੇ ਵਿਚਾਰ ਰੱਖਣ ਤੋਂ ਬਾਅਦ ਉਹ ਆਗਿਆ ਲੈ ਕੇ ਦਿੱਲੀ ਤੋਂ ਰਵਾਨਾ ਹੋਏ ਸਨ। ਦਿੱਲੀ ਵਿੱਚ ਹੋਈ ਇਸ ਮੀਟਿੰਗ ਵਿੱਚ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ
ਨੇਤਾ ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਸੰਗਠਨ ਮਹਾਸਚਿਵ ਕੇ.ਸੀ.
ਵੇਣੂਗੋਪਾਲ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਅਮਰਿੰਦਰ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ,
ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਜੈ ਇੰਦਰ ਸਿੰਗਲਾ ਨਾਲ
ਵਿਚਾਰ-ਵਟਾਂਦਰਾ ਕੀਤਾ।
ਬਾਜਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਮੀਟਿੰਗ ਵਿੱਚ
ਬੁਲਾਇਆ ਗਿਆ ਸੀ। ਉਨ੍ਹਾਂ ਕਰੀਬ 15 ਤੋਂ 20 ਮਿੰਟ ਤੱਕ ਪੰਜਾਬ ਦੀ ਸਿਆਸੀ ਸਥਿਤੀ, ਪਾਰਟੀ ਦੀ
ਕਾਰਗੁਜ਼ਾਰੀ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਬਾਅਦ
ਉਨ੍ਹਾਂ ਮੀਟਿੰਗ ਤੋਂ ਜਾਣ ਦੀ ਇਜਾਜ਼ਤ ਲਈ ਅਤੇ ਉਸੇ ਰਾਤ ਜਲੰਧਰ ਲਈ ਰਵਾਨਾ ਹੋ ਗਏ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਨਾਰਾਜ਼ ਹੋ ਕੇ ਬਾਹਰ ਨਿਕਲਣ ਜਾਂ
ਕਿਸੇ ਤਰ੍ਹਾਂ ਦੇ ਵਿਵਾਦ ਦੀਆਂ ਖ਼ਬਰਾਂ ਪੂਰੀ ਤਰ੍ਹਾਂ ਬੇਬੁਨਿਆਦ ਹਨ। ਬਾਜਵਾ ਨੇ ਕਿਹਾ ਕਿ ਉਹ
ਪਿਛਲੇ ਕਰੀਬ 50 ਸਾਲਾਂ ਤੋਂ ਕਾਂਗਰਸ ਦੇ ਅਨੁਸ਼ਾਸਿਤ ਅਤੇ ਸਮਰਪਿਤ ਵਰਕਰ ਰਹੇ ਹਨ ਅਤੇ
ਅਜਿਹੀਆਂ ਅਫਵਾਹਾਂ ਦਾ ਕੋਈ ਆਧਾਰ ਨਹੀਂ ਹੈ।
ਬਾਜਵਾ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਵਿਧਾਨ ਸਭਾ ਹਲਕੇ
ਕਾਦੀਆਂ ਜਾਣਾ ਸੀ, ਕਿਉਂਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ
ਸ਼ਨੀਵਾਰ ਤੋਂ ਸ਼ੁਰੂ ਹੋਣੀ ਸੀ। ਮੀਟਿੰਗ ਦੌਰਾਨ ਪੰਜਾਬ ਕਾਂਗਰਸ ਦੇ ਆਗੂਆਂ ਵਿਚਾਲੇ ਕਿਸੇ ਤਰ੍ਹਾਂ ਦੀ
ਤਿੱਖੀ ਬਹਿਸ ਨਹੀਂ ਹੋਈ। ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਵਿਅਕਤੀਗਤ ਮੁਲਾਕਾਤਾਂ ਤੋਂ ਬਾਅਦ
ਸਾਰੇ ਆਗੂਆਂ ਨੂੰ ਸਾਂਝੀ ਚਰਚਾ ਲਈ ਬੁਲਾਇਆ ਗਿਆ ਸੀ, ਪਰ ਰਾਹੁਲ ਗਾਂਧੀ
ਅਤੇ ਮੱਲਿਕਾਰਜੁਨ ਖੜਗੇ ਤੋਂ ਇਲਾਵਾ ਕਿਸੇ ਹੋਰ ਆਗੂ ਨੇ ਕੋਈ ਟਿੱਪਣੀ ਨਹੀਂ ਕੀਤੀ।
ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਸਪੱਸ਼ਟ ਸੰਦੇਸ਼
ਦਿੱਤਾ ਕਿ ਉਹ ਆਮ ਆਦਮੀ ਪਾਰਟੀ ਸਰਕਾਰ ਖ਼ਿਲਾਫ਼ ਮੁੱਦਿਆਂ ਆਧਾਰਿਤ ਰਣਨੀਤੀ ਤਿਆਰ ਕਰਨ ਅਤੇ
ਇੱਕਜੁੱਟ ਹੋ ਕੇ ਪਾਰਟੀ ਨੂੰ ਮਜ਼ਬੂਤ ਬਣਾਉਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਣਨ ਦੀ ਇੱਛਾ
ਰੱਖਣਾ ਗਲਤ ਨਹੀਂ, ਪਰ ਸਭ ਤੋਂ ਪਹਿਲਾਂ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਲਈ ਮਿਲ ਕੇ ਕੰਮ
ਕਰਨਾ ਜ਼ਰੂਰੀ ਹੈ। ਰਾਹੁਲ ਗਾਂਧੀ ਨੇ ਇਹ ਵੀ ਸਲਾਹ ਦਿੱਤੀ ਕਿ ਰਾਜ ਲੀਡਰਸ਼ਿਪ ਨਾਲ ਜੁੜੇ
ਫ਼ੈਸਲੇ ਪਾਰਟੀ ਹਾਈਕਮਾਨ 'ਤੇ ਛੱਡੇ ਜਾਣ। ਇਸ ਦੌਰਾਨ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ
ਚੋਣਾਂ ਲਈ ਤਿਆਰੀਆਂ ਤੇ ਵੀ ਜ਼ੋਰ ਦਿੱਤਾ ਗਿਆ।
ਹਿੰਦੂਸਥਾਨ ਸਮਾਚਾਰ / GURSHARAN SINGH