
ਤਰਨ ਤਾਰਨ, 30 ਮਈ (ਹਿੰ.ਸ.)| ਜਨਗਣਨਾ ਦੇ ਪਹਿਲੇ ਪੜਾਅ ‘ਹਾਊਸ ਲਿਸਟਿੰਗ ਆਪਰੇਸ਼ਨ’ ਦਾ ਕੰਮ ਸਭ ਤੋਂ ਪਹਿਲਾਂ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਂਸਸ ਅਫ਼ਸਰ ਤਰਨ ਤਾਰਨ ਰਾਹੁਲ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਪ ਅਰਥ ਤੇ ਅੰਕੜਾ ਸਲਾਹਕਾਰ-ਕਮ-ਨੋਡਲ ਅਫ਼ਸਰ ਡਾ. ਅਮਨਦੀਪ ਸਿੰਘ ਸੈਣੀ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਰਾਹੁਲ ਨੇ ਸਨਮਾਨਿਤ ਕਰਦਿਆਂ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਦੀ ਮਿਹਨਤ ਅਤੇ ਸਮਰਪਣ ਦੀ ਸ਼ਲਾਘਾ ਕੀਤੀ। ਸਨਮਾਨਿਤ ਹੋਣ ਵਾਲਿਆਂ ਵਿੱਚ ਤਹਿਸੀਲ ਪੱਟੀ ਤੋਂ ਨੀਲਮ ਕੌਰ, ਜਗਦੀਪ ਕੌਰ ਅਤੇ ਮਨਜੀਤ ਕੌਰ, ਤਹਿਸੀਲ ਭਿੱਖੀਵਿੰਡ ਤੋਂ ਪਰਮਜੀਤ ਕੌਰ, ਨਗਰ ਕੌਂਸਲ ਪੱਟੀ ਤੋਂ ਵਿਜੇ ਕੁਮਾਰ ਪਾਲ, ਗੁਰਪ੍ਰੀਤ ਸਿੰਘ, ਗੀਤਿਕਾ ਅਤੇ ਸੀਮਾ ਸ਼ਰਮਾ, ਜਦਕਿ ਨਗਰ ਪੰਚਾਇਤ ਖੇਮਕਰਨ ਤੋਂ ਚਰਨਜੀਤ ਰਾਮ, ਗਗਨਦੀਪ ਕੌਰ, ਇੰਦੂ ਬਾਲਾ, ਮਨਪ੍ਰੀਤ ਅਤੇ ਕੋਮਲ ਰਾਣੀ ਸ਼ਾਮਲ ਸਨ।
ਇਸ ਤੋਂ ਇਲਾਵਾ ਨਗਰ ਪੰਚਾਇਤ ਖੇਮਕਰਨ ਦੇ ਸੁਪਰਵਾਈਜ਼ਰ ਅਰਵਿੰਦ ਪਾਸੀ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਆਪਣੇ ਪੂਰੇ ਸਰਕਲ ਦਾ ਕੰਮ ਸਭ ਤੋਂ ਪਹਿਲਾਂ ਮੁਕੰਮਲ ਕੀਤਾ। ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਜਨਗਣਨਾ-2027 ਦੇ ਪਹਿਲੇ ਪੜਾਅ ਦਾ ਕੰਮ 15 ਮਈ 2026 ਤੋਂ ਸ਼ੁਰੂ ਹੋਇਆ ਹੈ ਅਤੇ ਇਹ 13 ਜੂਨ 2026 ਤੱਕ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਇਸ ਕੰਮ ਲਈ 1950 ਗਿਣਤੀਕਾਰ ਅਤੇ 323 ਸੁਪਰਵਾਈਜ਼ਰ ਤਾਇਨਾਤ ਕੀਤੇ ਗਏ ਹਨ, ਜੋ ਘਰ-ਘਰ ਜਾ ਕੇ ਆਨਲਾਈਨ ਪੋਰਟਲ ਰਾਹੀਂ ਡਾਟਾ ਇਕੱਠਾ ਕਰ ਰਹੇ ਹਨ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਇਸ ਮਹੱਤਵਪੂਰਨ ਕਾਰਜ ਵਿੱਚ ਗਿਣਤੀਕਾਰਾਂ ਅਤੇ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦੇਣ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜਨਗਣਨਾ ਦੌਰਾਨ ਕਿਸੇ ਵੀ ਨਾਗਰਿਕ ਤੋਂ ਆਧਾਰ ਕਾਰਡ, ਪੈਨ ਕਾਰਡ, ਓ.ਟੀ.ਪੀ. ਜਾਂ ਹੋਰ ਕਿਸੇ ਦਸਤਾਵੇਜ਼ ਦੀ ਮੰਗ ਨਹੀਂ ਕੀਤੀ ਜਾਵੇਗੀ।
ਰਾਹੁਲ ਨੇ ਦੱਸਿਆ ਕਿ ਸਰਕਾਰ ਵੱਲੋਂ ਸਾਰੇ ਅਧਿਕਾਰਿਤ ਗਿਣਤੀਕਾਰਾਂ ਨੂੰ ਕਿਊ.ਆਰ. ਕੋਡ ਵਾਲੇ ਪਛਾਣ ਪੱਤਰ ਜਾਰੀ ਕੀਤੇ ਗਏ ਹਨ। ਨਾਗਰਿਕ ਇਸ ਕਿਊ.ਆਰ. ਕੋਡ ਨੂੰ ਸਕੈਨ ਕਰਕੇ ਗਿਣਤੀਕਾਰ ਦੀ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH