
ਤਰਨ ਤਾਰਨ, 30 ਮਈ (ਹਿੰ.ਸ.)। ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਰਿੰਦਰਪਾਲ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਤਰਨ ਤਾਰਨ ਵੱਲੋਂ ਮੈਨਸੁਰਲ ਹਾਈਜੀਨ ਦਿਵਸ ਮੌਕੇ ਸਿਵਲ ਹਸਪਤਾਲ ਵਿਖੇ ਇੱਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਡਾ. ਵਰਿੰਦਰਪਾਲ ਕੌਰ ਨੇ ਕਿਹਾ ਕਿ ਮਹਾਂਵਾਰੀ ਦੌਰਾਨ ਸਾਫ਼-ਸਫ਼ਾਈ ਅਤੇ ਪੌਸ਼ਟਿਕ ਅਹਾਰ ਦਾ ਬਹੁਤ ਹੀ ਜ਼ਿਆਦਾ ਮਹੱਤਵ ਹੁੰਦਾ ਹੈ। ਇਸ ਸਮੇਂ ਦੌਰਾਨ ਰੋਜ਼ਾਨਾ ਇਸ਼ਨਾਨ ਕਰਨਾ, ਸਵੱਛ ਸਾਧਨ ਜਾਂ ਸੈਨਟਰੀ ਪੈਡ ਦੀ ਵਰਤੋਂ ਕਰਨਾ, ਹਰ 4 ਤੋਂ 6 ਘੰਟੇ ਬਾਅਦ ਉਸਨੂੰ ਬਦਲਣਾ, ਵਰਤੋਂ ਕੀਤੇ ਸੈਨਟਰੀ ਪੈਡ ਨੂੰ ਸਹੀ ਤਰੀਕੇ ਨਾਲ ਡਿਸਪੋਜ਼ ਆਫ ਕਰਨਾ ਅਤੇ ਸਫ਼ਾਈ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਹਰੀਆਂ ਪੱਤੇਦਾਰ ਸਬਜ਼ੀਆਂ, ਫਲ ਅਤੇ ਪੌਸ਼ਟਿਕ ਅਹਾਰ ਦੇ ਨਾਲ ਆਇਰਨ ਫੋਲਿਕ ਐਸਿਡ ਦੀ ਗੋਲੀ ਵੀ ਜ਼ਰੂਰ ਲੈਣੀ ਚਾਹੀਦੀ ਹੈ।
ਡਾ. ਵਰਿੰਦਰਪਾਲ ਕੌਰ ਨੇ ਕਿਹਾ ਕਿ ਕਿਸ਼ੋਰ ਅਵਸਥਾ ਵਿਚ ਸਾਰੀਆਂ ਬੱਚੀਆਂ ਵਿਚ ਸਰੀਰਕ ਬਦਲਾਓ ਦੇ ਨਾਲ-ਨਾਲ ਮਹਾਂਵਾਰੀ ਦਾ ਆਉਣਾ ਲਾਜਮੀ ਗੱਲ ਹੈ। ਇਸ ਲਈ ਹਰੇਕ ਮਾਤਾ-ਪਿਤਾ ਨੂੰ ਆਪਣੀਆਂ ਬੱਚੀਆਂ ਨਾਲ ਇਸ ਪ੍ਰਤੀ ਗੱਲਬਾਤ ਕਰਦੇ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਸ ਪ੍ਰਤੀ ਸੁਚੇਤ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਜ਼ਿਆਦਾ ਦੇਰ ਤੱਕ ਮਹਾਂਵਾਰੀ ਆਉਣਾ, ਖ਼ੂਨ ਦਾ ਜ਼ਿਆਦਾ ਪੈਣਾ, ਮਹਾਵਾਰੀ ਦਾ ਘੱਟ ਹੋ ਜਾਣਾ ਜਾਂ ਬਿਲਕੁਲ ਬੰਦ ਹੋ ਜਾਣਾ, ਯੂ.ਟੀ.ਆਈ ਇਨਫੈਕਸ਼ਨ ਹੋ ਜਾਣਾ, ਖ਼ੂਨ ਦੀ ਕਮੀ ਹੋਣਾ ਆਦਿ ਸਮੱਸਿਆਵਾਂ ਹੋਣ ਸਮੇਂ ਡਾਕਟਰੀ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਨੇੜੇ ਦੇ ਸਿਹਤ ਕੇਂਦਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਦੌਰਾਨ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਭਾਰਤੀ ਧਵਨ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਵੰਤ ਸਿੰਘ ਸਿੱਧੂ, ਰਜਨੀ ਸ਼ਰਮਾ ਸਕੂਲ ਹੈਲਥ ਕੋਆਰਡੀਨੇਟਰ ਆਦਿ ਤੋਂ ਇਲਾਵਾ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਅਤੇ ਸਟਾਫ ਹਾਜ਼ਰ ਸੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ