
ਚੰਡੀਗੜ੍ਹ, 30 ਮਈ (ਹਿੰ.ਸ.)| ਪੰਜਾਬ ਅਤੇ ਚੰਡੀਗੜ੍ਹ ਵਿੱਚ ਸ਼ਨੀਵਾਰ ਸਵੇਰੇ ਮੌਸਮ ਨੇ ਅਚਾਨਕ ਕਰਵਟ ਲੈ ਲਈ। ਪਠਾਨਕੋਟ ਵਿੱਚ ਸ਼ਨਿਵਾਰ ਸਵੇਰੇ ਗੜ੍ਹੇਮਾਰੀ ਹੋਈ, ਜਦਕਿ ਮੋਹਾਲੀ ਵਿੱਚ ਤੇਜ਼ ਮੀਂਹ ਦਰਜ ਕੀਤਾ ਗਿਆ। ਸੂਬੇ ਦੇ ਹੋਰ ਕਈ ਜ਼ਿਲ੍ਹਿਆਂ ਵਿੱਚ ਵੀ ਬੱਦਲ ਛਾਏ ਰਹੇ ਅਤੇ ਮੌਸਮ ਸੁਹਾਵਣਾ ਹੋ ਗਿਆ। ਮੌਸਮ ਵਿਭਾਗ ਨੇ ਅਗਲੇ ਦੋ ਘੰਟਿਆਂ ਦੌਰਾਨ ਟ੍ਰਾਈਸਿਟੀ (ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ) ਸਮੇਤ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਹੈ। ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਮੋਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ (ਰਾਜਪੁਰਾ), ਰੂਪਨਗਰ, ਲੁਧਿਆਣਾ, ਜਲੰਧਰ, ਕਪੂਰਥਲਾ, ਤਰਨ ਤਾਰਨ, ਅੰਮ੍ਰਿਤਸਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਗੁਰਦਾਸਪੁਰ ਅਤੇ ਪਠਾਨਕੋਟ ਸ਼ਾਮਲ ਹਨ।ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਅਨੁਸਾਰ ਪਹਾੜੀ ਇਲਾਕਿਆਂ ਵਿੱਚ ਹੋਈ ਬਾਰਿਸ਼ ਦਾ ਅਸਰ ਮੈਦਾਨੀ ਖੇਤਰਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਤਾਪਮਾਨ ਵਿੱਚ ਕਮੀ ਆਈ ਹੈ। ਵਿਭਾਗ ਦਾ ਕਹਿਣਾ ਹੈ ਕਿ 4 ਜੂਨ ਤੱਕ ਹੀਟ ਵੇਵ ਦਾ ਅਸਰ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ ਅਤੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੇਗੀ। ਮਾਨਸੂਨ ਪਿਛਲੇ ਪੰਜ ਦਿਨਾਂ ਤੋਂ ਕੇਰਲ ਵਿੱਚ ਹੀ ਰੁਕਿਆ ਹੋਇਆ ਹੈ। ਹਾਲਾਂਕਿ ਮੌਸਮ ਮਾਹਿਰਾਂ ਦਾ ਅਨੁਮਾਨ ਹੈ ਕਿ ਮਾਨਸੂਨ 25 ਜੂਨ ਤੱਕ ਪੰਜਾਬ ਵਿੱਚ ਦਾਖਲ ਹੋ ਸਕਦਾ ਹੈ। ਇਸ ਸਾਲ ਅਲ-ਨੀਨੋ ਦੇ ਪ੍ਰਭਾਵ ਕਾਰਨ ਮਾਨਸੂਨ ਕੁਝ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ। ਅਲ-ਨੀਨੋ ਦੇ ਪ੍ਰਭਾਵ ਨਾਲ ਮਾਨਸੂਨੀ ਹਵਾਵਾਂ ਦੀ ਰਫ਼ਤਾਰ ਅਤੇ ਬਾਰਿਸ਼ ਦਾ ਪੈਟਰਨ ਪ੍ਰਭਾਵਿਤ ਹੋ ਸਕਦਾ ਹੈ। ਇਸ ਕਾਰਨ ਲੁਧਿਆਣਾ, ਪਟਿਆਲਾ, ਬਠਿੰਡਾ, ਮਾਨਸਾ, ਸੰਗਰੂਰ, ਫਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਆਮ ਨਾਲੋਂ ਘੱਟ ਬਾਰਿਸ਼ ਹੋਣ ਦਾ ਅਨੁਮਾਨ ਹੈ।ਮੌਸਮ ਵਿਭਾਗ ਅਨੁਸਾਰ ਮਾਨਸੂਨ ਦੀ ਉੱਤਰੀ ਸੀਮਾ ਇਸ ਸਮੇਂ ਦੇਸ਼ ਦੇ ਦੱਖਣੀ ਹਿੱਸਿਆਂ ਉੱਤੇ ਹੈ ਅਤੇ ਇਹ ਹੌਲੀ-ਹੌਲੀ ਅੱਗੇ ਵੱਧ ਰਿਹਾ ਹੈ। ਇਸ ਦੇ ਨਾਲ ਹੀ ਉੱਤਰੀ ਭਾਰਤ ਦੇ ਨੇੜੇ ਇੱਕ ਸਰਗਰਮ ਪੱਛਮੀ ਗੜਬੜ (ਵੈਸਟਰਨ ਡਿਸਟਰਬੈਂਸ) ਮੌਜੂਦ ਹੈ, ਜਿਸ ਕਾਰਨ ਬੱਦਲ, ਮੀਂਹ ਅਤੇ ਤੇਜ਼ ਹਵਾਵਾਂ ਵਾਲੀ ਸਥਿਤੀ ਬਣੀ ਹੋਈ ਹੈ। ਇਸ ਤੋਂ ਇਲਾਵਾ ਪਾਕਿਸਤਾਨ ਤੋਂ ਰਾਜਸਥਾਨ ਅਤੇ ਅਰਬ ਸਾਗਰ ਤੱਕ ਫੈਲਿਆ ਇੱਕ ਟਰਫ਼ ਸਿਸਟਮ ਵੀ ਹੇਠਲੇ ਪੱਧਰ 'ਤੇ ਹਵਾਵਾਂ ਨੂੰ ਅਸਥਿਰ ਕਰ ਰਿਹਾ ਹੈ, ਜਿਸ ਨਾਲ ਮੌਸਮ ਵਿੱਚ ਬਦਲਾਅ ਆ ਰਿਹਾ ਹੈ।ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ 30 ਮਈ ਨੂੰ ਵੀ ਕਈ ਥਾਵਾਂ 'ਤੇ ਤੇਜ਼ ਹਵਾਵਾਂ, ਮੀਂਹ ਅਤੇ ਬਿਜਲੀ ਚਮਕਣ ਦੀ ਸੰਭਾਵਨਾ ਬਣੀ ਰਹੇਗੀ। ਜਦਕਿ 31 ਮਈ ਤੋਂ 4 ਜੂਨ ਤੱਕ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅਗਲੇ ਤਿੰਨ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 6 ਤੋਂ 8 ਡਿਗਰੀ ਸੈਲਸੀਅਸ ਤੱਕ ਗਿਰਾਵਟ ਆ ਸਕਦੀ ਹੈ, ਜਿਸ ਨਾਲ ਮੌਸਮ ਕਾਫ਼ੀ ਸੁਹਾਵਣਾ ਰਹੇਗਾ। ਹਾਲਾਂਕਿ 4 ਜੂਨ ਤੋਂ ਬਾਅਦ ਤਾਪਮਾਨ ਵਿੱਚ ਮੁੜ ਹੌਲੀ-ਹੌਲੀ ਵਾਧਾ ਹੋਣਾ ਸ਼ੁਰੂ ਹੋ ਜਾਵੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH