
ਪਟਿਆਲਾ, 31 ਮਈ (ਹਿੰ.ਸ.)| ਪਟਿਆਲਾ ਪੁਲਿਸ ਨੇ ਨੀਲੇ ਡਰੰਮ ਵਿੱਚੋਂ ਮਿਲੀ ਨੌਜਵਾਨ ਲੜਕੀ ਦੀ ਲਾਸ਼ ਦੇ ਸਨਸਨੀਖੇਜ਼ ਮਾਮਲੇ ਨੂੰ ਸੁਲਝਾਉਂਦਿਆਂ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਨੁਸਾਰ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਕਤਲ ਕਰਨ ਦੀ ਗੱਲ ਕਬੂਲ ਕਰ ਲਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ 25 ਮਈ ਨੂੰ ਡੀ.ਸੀ.ਡਬਲਯੂ. ਪੁੱਲ ਨੇੜੇ ਇੱਕ ਨੀਲੇ ਰੰਗ ਦੇ ਡਰੰਮ ਵਿੱਚੋਂ ਇੱਕ ਅਣਪਛਾਤੀ ਲੜਕੀ ਦੀ ਲਾਸ਼ ਬਰਾਮਦ ਹੋਈ ਸੀ। ਮ੍ਰਿਤਕਾ ਦੀ ਬਾਂਹ 'ਤੇ ਨੇਹਾ ਨਾਮ ਦਾ ਟੈਟੂ ਬਣਿਆ ਹੋਇਆ ਸੀ। ਲਾਸ਼ ਸਭ ਤੋਂ ਪਹਿਲਾਂ ਕੂੜਾ ਇਕੱਠਾ ਕਰਨ ਵਾਲੇ ਸ਼ੰਕਰ ਨਾਮਕ ਵਿਅਕਤੀ ਨੇ ਦੇਖੀ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਪੁਲਿਸ ਨੇ ਮ੍ਰਿਤਕਾ ਦੀ ਪਛਾਣ ਕਰਕੇ ਉਸ ਦੇ ਭਰਾ ਬਬਲੂ ਸੇਖਰ, ਵਾਸੀ ਗੋਪਾਲ ਕਲੋਨੀ, ਸਨੌਰ ਰੋਡ, ਪਟਿਆਲਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ। ਇਸ ਸਬੰਧੀ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀਆਂ ਧਾਰਾਵਾਂ 103 ਅਤੇ 238 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ।
ਐਸਐਸਪੀ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਸੀਸੀਟੀਵੀ ਫੁਟੇਜ, ਕਾਲ ਡਿਟੇਲ ਰਿਕਾਰਡ, ਟਾਵਰ ਲੋਕੇਸ਼ਨ, ਡੰਪ ਡਾਟਾ ਅਤੇ ਮਨੁੱਖੀ ਸੂਚਨਾ ਤੰਤਰ ਦੀ ਮਦਦ ਨਾਲ ਜਾਂਚ ਕੀਤੀ। ਇਸ ਦੌਰਾਨ ਮੁੱਖ ਮੁਲਜ਼ਮ ਵਿਰਾਟ ਕਸ਼ਯਪ, ਜੋ ਸੁਖਰਾਮ ਕਲੋਨੀ ਨੇੜੇ ਭਾਰਤ ਨਗਰ, ਪਟਿਆਲਾ ਵਿੱਚ ਕਿਰਾਏ 'ਤੇ ਰਹਿੰਦਾ ਸੀ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੁੱਛਗਿੱਛ ਦੌਰਾਨ ਵਿਰਾਟ ਕਸ਼ਯਪ ਨੇ ਖੁਲਾਸਾ ਕੀਤਾ ਕਿ ਉਹ ਅਤੇ ਮ੍ਰਿਤਕਾ ਨੇਹਾ ਪਿਛਲੇ ਕਰੀਬ ਡੇਢ ਸਾਲ ਤੋਂ ਰਿਸ਼ਤੇ ਵਿੱਚ ਸਨ। ਨੇਹਾ ਉਸ 'ਤੇ ਵਿਆਹ ਕਰਨ ਲਈ ਦਬਾਅ ਬਣਾ ਰਹੀ ਸੀ। 25 ਮਈ ਦੀ ਰਾਤ ਕਰੀਬ 10 ਵਜੇ ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਤਕਰਾਰ ਹੋਈ, ਜਿਸ ਦੌਰਾਨ ਉਸ ਨੇ ਨੇਹਾ ਦਾ ਗਲਾ ਘੁੱਟ ਕੇ ਮਾਰ ਦਿੱਤਾ।
ਮੁਲਜ਼ਮ ਨੇ ਕਤਲ ਤੋਂ ਬਾਅਦ ਲਾਸ਼ ਨੂੰ ਇੱਕ ਨੀਲੇ ਡਰੰਮ ਵਿੱਚ ਪਾਇਆ ਅਤੇ ਵਾਹਨ ਦਾ ਪ੍ਰਬੰਧ ਕਰਕੇ ਡੀ.ਸੀ.ਡਬਲਯੂ. ਪੁੱਲ ਨੇੜੇ ਸੁੱਟ ਦਿੱਤਾ।
ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਮਾਮਲੇ ਨਾਲ ਜੁੜੇ ਹੋਰ ਤੱਥਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ।
ਹਿੰਦੂਸਥਾਨ ਸਮਾਚਾਰ / GURSHARAN SINGH