ਪੰਜਾਬ ਸਰਕਾਰ ਸੂਬੇ ਵਿੱਚ ਸਿਹਤ ਸੇਵਾਵਾਂ ਅਤੇ ਮੈਡੀਕਲ ਸਿੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਚਨਬੱਧ: ਡਾ. ਬਲਬੀਰ ਸਿੰਘ
ਮੋਹਾਲੀ, 31 ਮਈ (ਹਿੰ.ਸ.)| ਪੰਜਾਬ ਦੇ ਸਿਹਤ, ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਹਰ ਨਾਗਰਿਕ ਤੱਕ ਮਿਆਰੀ ਸਿਹਤ ਸਹੂਲਤਾਂ ਪਹੁੰ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਸੰਬੋਧਨ ਕਰਦੇ ਹੋਏ।


ਮੋਹਾਲੀ, 31 ਮਈ (ਹਿੰ.ਸ.)| ਪੰਜਾਬ ਦੇ ਸਿਹਤ, ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਹਰ ਨਾਗਰਿਕ ਤੱਕ ਮਿਆਰੀ ਸਿਹਤ ਸਹੂਲਤਾਂ ਪਹੁੰਚਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।

ਮੋਹਾਲੀ ਸਥਿਤ ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦੇ ਜਨਰਲ ਸਰਜਰੀ ਵਿਭਾਗ ਵੱਲੋਂ ਨਾਈਪਰ ਵਿਖੇ ਕਰਵਾਏ ਗਏ ਸੀ.ਐੱਮ.ਈ. ਪ੍ਰੋਗਰਾਮ ਅਤੇ ਸਰਜੀਕਲ ਅਕਾਦਮਿਕ ਕਾਨਫਰੰਸ ‘ਦ ਫਾਈਨਲ ਸਟਿਚ 2026’ ਵਿੱਚ ਸ਼ਿਰਕਤ ਕਰਦਿਆਂ ਸਿਹਤ ਮੰਤਰੀ ਨੇ ਮਰੀਜ਼ਾਂ ਪ੍ਰਤੀ ਹਮਦਰਦੀ ਭਰਪੂਰ ਸੇਵਾ, ਨੈਤਿਕ ਮੈਡੀਕਲ ਅਭਿਆਸ, ਹੁਨਰ-ਆਧਾਰਿਤ ਸਿਖਲਾਈ ਅਤੇ ਜੀਵਨ ਭਰ ਸਿੱਖਣ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ।

ਉਨ੍ਹਾਂ ਵਿਦਿਆਰਥੀਆਂ ਅਤੇ ਨੌਜਵਾਨ ਡਾਕਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਨੌਜਵਾਨ ਡਾਕਟਰ ਪੰਜਾਬ ਦੀ ਸਿਹਤ ਪ੍ਰਣਾਲੀ ਦੇ ਭਵਿੱਖ ਦੇ ਆਗੂ ਹਨ। ਉਨ੍ਹਾਂ ਕਿਹਾ ਕਿ ਗੁਣਵੱਤਾ ਭਰਪੂਰ ਮੈਡੀਕਲ ਸਿੱਖਿਆ ਅਤੇ ਨਿਰੰਤਰ ਸਿੱਖਣ ਦੀ ਭਾਵਨਾ ਇੱਕ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਸਿਹਤ ਢਾਂਚਾ ਤਿਆਰ ਕਰਨ ਲਈ ਬੇਹੱਦ ਜ਼ਰੂਰੀ ਹੈ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸਿਹਤ ਸੇਵਾਵਾਂ ਅਤੇ ਮੈਡੀਕਲ ਸਿੱਖਿਆ ਨੂੰ ਆਧੁਨਿਕ ਅਤੇ ਮਜ਼ਬੂਤ ਬਣਾਉਣ ਲਈ ਕਈ ਮਹੱਤਵਪੂਰਨ ਉਪਰਾਲੇ ਕਰ ਰਹੀ ਹੈ, ਜਿਸ ਦਾ ਮਕਸਦ ਲੋਕਾਂ ਨੂੰ ਬਿਹਤਰ ਅਤੇ ਸਸਤੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ।

ਇਸ ਮੌਕੇ ਸਿਹਤ ਮੰਤਰੀ ਨੇ ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਮੋਹਾਲੀ ਨੂੰ ਇਸ ਮਹੱਤਵਪੂਰਨ ਅਕਾਦਮਿਕ ਸਮਾਗਮ ਦੇ ਸਫਲ ਆਯੋਜਨ ਲਈ ਵਧਾਈ ਦਿੱਤੀ ਅਤੇ ਸਰਜੀਕਲ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਸੰਸਥਾ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਐਮ.ਬੀ.ਬੀ.ਐਸ. ਅੰਤਿਮ ਸਾਲ ਦੇ ਯੂਨੀਵਰਸਿਟੀ ਟਾਪਰ ਵਿਦਿਆਰਥੀਆਂ ਨੂੰ ਮੈਡਲ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ ਸਰਵੋਤਮ ਪ੍ਰਦਰਸ਼ਨ ਕਰਨ ਵਾਲੀ ਵਿਦਿਆਰਥਣ ਦਿਸ਼ਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।

ਐਸੋਸੀਏਸ਼ਨ ਆਫ਼ ਸਰਜਨਜ਼ ਆਫ਼ ਇੰਡੀਆ (ਏਐਸਆਈ), ਪੰਜਾਬ ਚੈਪਟਰ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਤਿੰਨ ਰੋਜ਼ਾ ਸਮਾਗਮ ਵਿੱਚ ਉੱਤਰੀ ਭਾਰਤ ਤੋਂ 350 ਤੋਂ ਵੱਧ ਡੈਲੀਗੇਟਾਂ ਅਤੇ 32 ਸੀਨੀਅਰ ਪ੍ਰੋਫੈਸਰਾਂ ਤੇ ਸਰਜਨਾਂ ਨੇ ਭਾਗ ਲਿਆ। ਸਮਾਗਮ ਦੌਰਾਨ ਅਕਾਦਮਿਕ ਚਰਚਾਵਾਂ, ਕਲੀਨਿਕਲ ਸਿੱਖਿਆ, ਸਰਜੀਕਲ ਹੁਨਰ ਵਿਕਾਸ ਅਤੇ ਨੌਜਵਾਨ ਮੈਡੀਕਲ ਪੇਸ਼ੇਵਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਡਾ. ਨਵਦੀਪ ਸਿੰਘ ਸੈਣੀ (ਡਾਇਰੈਕਟਰ-ਪ੍ਰਿੰਸੀਪਲ ਅਤੇ ਮੈਡੀਕਲ ਸੁਪਰਡੈਂਟ), ਡਾ. ਭਗਵੰਤ ਸਿੰਘ (ਚੇਅਰਮੈਨ, ਬੋਰਡ ਆਫ਼ ਮੈਨੇਜਮੈਂਟ), ਫੈਕਲਟੀ ਮੈਂਬਰ, ਰੈਜ਼ੀਡੈਂਟ ਡਾਕਟਰਾਂ ਅਤੇ ਆਯੋਜਕ ਕਮੇਟੀ ਦੇ ਮੈਂਬਰ ਡਾ. ਵਾਲੀਆ ਅਤੇ ਡਾ. ਨਿਤਿਨ ਨਾਗਪਾਲ ਸਮੇਤ ਕਈ ਪ੍ਰਮੁੱਖ ਮੈਡੀਕਲ ਮਾਹਿਰ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande