
ਚੰਡੀਗੜ੍ਹ, 31 ਮਈ (ਹਿੰ.ਸ.)| ਕਠੂਆ ਅਤੇ ਪੰਜਾਬ ਦੇ ਮਾਧੋਪੁਰ ਵਿਚਕਾਰ ਰਾਵੀ ਦਰਿਆ ਉੱਪਰ ਬਣੇ ਰੇਲਵੇ ਪੁਲ ਨੰਬਰ-17 ਦੇ ਜੀਰਣੋਧਾਰ ਦਾ ਕੰਮ ਸਫਲਤਾਪੂਰਵਕ ਮੁਕੰਮਲ ਹੋ ਗਿਆ ਹੈ। ਇਸ ਤੋਂ ਬਾਅਦ ਉੱਤਰੀ ਰੇਲਵੇ ਦੇ ਕਮਿਸ਼ਨਰ ਆਫ਼ ਰੇਲਵੇ ਸੇਫਟੀ (ਸੀ.ਆਰ.ਐਸ.) ਦਿਨੇਸ਼ ਚੰਦ ਦੇਸ਼ਵਾਲ ਨੇ ਪੁਲ ਦਾ ਨਿਰੀਖਣ ਅਤੇ ਸਪੀਡ ਟਰਾਇਲ ਕੀਤਾ। ਨਿਰੀਖਣ ਸਫਲ ਰਹਿਣ ਉਪਰੰਤ ਸੀ.ਆਰ.ਐਸ. ਨੇ ਇਸ ਰੂਟ 'ਤੇ ਟਰੇਨਾਂ ਦੇ ਸੰਚਾਲਨ ਲਈ ਮਨਜ਼ੂਰੀ ਦੇ ਦਿੱਤੀ ਹੈ।
ਇਸ ਫੈਸਲੇ ਨਾਲ ਹਰਿਆਣਾ, ਪੰਜਾਬ ਅਤੇ ਦਿੱਲੀ ਤੋਂ ਜੰਮੂ-ਕਸ਼ਮੀਰ ਜਾਣ ਵਾਲੇ ਯਾਤਰੀਆਂ ਅਤੇ ਮਾਲ ਗੱਡੀਆਂ ਨੂੰ ਵੱਡੀ ਰਾਹਤ ਮਿਲੇਗੀ। ਇਸ ਦੇ ਨਾਲ ਹੀ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਅਤੇ ਜੰਮੂ ਜਾਣ ਵਾਲੇ ਸ਼ਰਧਾਲੂਆਂ ਦੀ ਯਾਤਰਾ ਵੀ ਹੋਰ ਸੁਖਾਲੀ ਹੋ ਜਾਵੇਗੀ।
ਰੇਲਵੇ ਅਧਿਕਾਰੀਆਂ ਅਨੁਸਾਰ ਆਉਣ ਵਾਲੀ ਅਮਰਨਾਥ ਯਾਤਰਾ ਅਤੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਚਲਾਈਆਂ ਜਾਣ ਵਾਲੀਆਂ ਵਿਸ਼ੇਸ਼ ਟਰੇਨਾਂ ਦੇ ਸੰਚਾਲਨ ਵਿੱਚ ਵੀ ਇਸ ਨਾਲ ਸਹੂਲਤ ਮਿਲੇਗੀ। 15 ਜੂਨ ਤੋਂ ਚਾਰ ਟਰੇਨਾਂ ਮੁੜ ਚਲਾਈਆਂ ਜਾ ਰਹੀਆਂ ਹਨ, ਜਦਕਿ ਕਰੀਬ ਇੱਕ ਸਾਲ ਤੋਂ ਬੰਦ ਪਈਆਂ ਹੋਰ ਅੱਠ ਟਰੇਨਾਂ ਦਾ ਸ਼ਡਿਊਲ ਵੀ ਜਲਦ ਜਾਰੀ ਕੀਤਾ ਜਾਵੇਗਾ।
2025 ’ਚ ਆਏ ਹੜ੍ਹਾਂ ਨਾਲ ਨੁਕਸਾਨਿਆ ਗਿਆ ਸੀ ਪੁਲ ਦਾ ਪਿੱਲਰ
ਸਾਲ 2025 ਵਿੱਚ ਭਾਰੀ ਮੀਂਹ ਅਤੇ ਹੜ੍ਹ ਕਾਰਨ ਰਾਵੀ ਦਰਿਆ ਦਾ ਜਲ ਪੱਧਰ ਕਾਫੀ ਵੱਧ ਗਿਆ ਸੀ। ਪਾਣੀ ਦੇ ਤੇਜ਼ ਵਹਾਅ ਕਾਰਨ ਪੁਲ ਦਾ ਇੱਕ ਪਿੱਲਰ ਨੁਕਸਾਨਿਆ ਗਿਆ ਸੀ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲਵੇ ਨੇ ਇਸ ਰੂਟ 'ਤੇ ਟਰੇਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਸੀ। ਹੜ੍ਹ ਤੋਂ ਬਾਅਦ ਰੇਲਵੇ ਨੇ ਤੁਰੰਤ ਮੁਰੰਮਤ ਕੰਮ ਸ਼ੁਰੂ ਕਰ ਦਿੱਤਾ ਸੀ। ਨੁਕਸਾਨੇ ਗਏ ਪਿੱਲਰ ਨੂੰ ਨਵੀਂ ਅਤੇ ਮਜ਼ਬੂਤ ਨੀਂਹ ਨਾਲ ਦੁਬਾਰਾ ਤਿਆਰ ਕੀਤਾ ਗਿਆ। ਇਸ ਤੋਂ ਇਲਾਵਾ ਪੁਲ ਦੇ ਗਰਡਰ, ਡੈੱਕ ਸਲੈਬ ਅਤੇ ਰੇਲ ਪਟੜੀ ਨੂੰ ਵੀ ਬਦਲਿਆ ਗਿਆ ਤਾਂ ਜੋ ਭਵਿੱਖ ਵਿੱਚ ਆਉਣ ਵਾਲੀਆਂ ਕੁਦਰਤੀ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਸਕੇ।
ਡਿਵੀਜ਼ਨਲ ਰੇਲਵੇ ਮੈਨੇਜਰ (ਡੀ.ਆਰ.ਐਮ.) ਵਿਵੇਕ ਕੁਮਾਰ ਨੇ ਕਿਹਾ ਕਿ ਰੇਲਵੇ ਟੀਮ ਨੇ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਤੇਜ਼ੀ ਨਾਲ ਕੰਮ ਕਰਦੇ ਹੋਏ ਪੁਲ ਨੂੰ ਨਿਰਧਾਰਤ ਸਮੇਂ ਵਿੱਚ ਤਿਆਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੀ.ਆਰ.ਐਸ. ਤੋਂ ਮਨਜ਼ੂਰੀ ਮਿਲਣ ਮਗਰੋਂ ਇਸ ਰੂਟ 'ਤੇ ਟਰੇਨਾਂ ਹੁਣ ਆਮ ਰਫ਼ਤਾਰ ਨਾਲ ਚਲ ਸਕਣਗੀਆਂ। ਉਨ੍ਹਾਂ ਕਿਹਾ ਕਿ ਪੁਲ ਦੀ ਬਹਾਲੀ ਨਾਲ ਨਾ ਸਿਰਫ਼ ਯਾਤਰੀਆਂ ਨੂੰ ਸਹੂਲਤ ਮਿਲੇਗੀ, ਸਗੋਂ ਉੱਤਰੀ ਭਾਰਤ ਅਤੇ ਜੰਮੂ-ਕਸ਼ਮੀਰ ਦਰਮਿਆਨ ਰੇਲ ਸੰਪਰਕ ਵੀ ਹੋਰ ਮਜ਼ਬੂਤ ਹੋਵੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH