
ਲੁਧਿਆਣਾ, 31 ਮਈ (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਅਤੇ ਸੇਵਾ ਕੇਂਦਰਾਂ ਦੇ ਕੰਮਕਾਜ ਨੂੰ ਹੋਰ ਮਜ਼ਬੂਤ ਬਣਾਉਣ ਲਈ 3 ਜੂਨ 2026 ਨੂੰ ਪੰਜਾਬ ਭਰ ਵਿੱਚ ਸੂਬਾ ਪੱਧਰੀ ਨੌਕਰੀ ਮੇਲਾ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਵਾ ਕੇਂਦਰਾਂ ਦੇ ਪੰਜਾਬ ਪ੍ਰੋਜੈਕਟ ਹੈੱਡ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਸੂਬੇ ਦੇ ਸਾਰੇ ਡੀ.ਸੀ. ਦਫ਼ਤਰਾਂ ਵਿੱਚ ਸਥਿਤ ਮੁੱਖ ਸੇਵਾ ਕੇਂਦਰਾਂ ਵਿੱਚ ਡਾਟਾ ਐਂਟਰੀ ਆਪਰੇਟਰਾਂ ਅਤੇ ਕੰਪਿਊਟਰ ਆਪਰੇਟਰਾਂ ਦੀ ਭਰਤੀ ਲਈ ਨੌਕਰੀ ਮੇਲਾ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਹ ਨੌਕਰੀ ਮੇਲਾ 3 ਜੂਨ 2026 (ਬੁੱਧਵਾਰ) ਨੂੰ ਸਵੇਰੇ 9:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਆਯੋਜਿਤ ਕੀਤਾ ਜਾਵੇਗਾ, ਜਿੱਥੇ ਯੋਗ ਉਮੀਦਵਾਰਾਂ ਦੀ ਇੰਟਰਵਿਊ ਰਾਹੀਂ ਚੋਣ ਕੀਤੀ ਜਾਵੇਗੀ।
ਪ੍ਰਭਜੋਤ ਸਿੰਘ ਨੇ ਕਿਹਾ ਕਿ ਬੀ.ਏ. ਪਾਸ ਨੌਜਵਾਨਾਂ ਲਈ ਇਹ ਇੱਕ ਸੁਨਹਿਰੀ ਮੌਕਾ ਹੈ। ਉਮੀਦਵਾਰ ਕੋਲ ਘੱਟੋ-ਘੱਟ 120 ਘੰਟਿਆਂ ਦਾ ਕੰਪਿਊਟਰ ਕੋਰਸ ਹੋਣਾ ਲਾਜ਼ਮੀ ਹੈ ਅਤੇ ਪੰਜਾਬੀ ਜਾਂ ਅੰਗਰੇਜ਼ੀ ਟਾਈਪਿੰਗ ਵਿੱਚ 30 ਸ਼ਬਦ ਪ੍ਰਤੀ ਮਿੰਟ ਦੀ ਗਤੀ ਹੋਣੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਆਪਣੇ ਵਿੱਦਿਅਕ ਸਰਟੀਫਿਕੇਟ, ਕੰਪਿਊਟਰ ਕੋਰਸ ਦਾ ਪ੍ਰਮਾਣ ਪੱਤਰ ਅਤੇ ਰਿਹਾਇਸ਼ੀ ਪਛਾਣ ਪੱਤਰ ਸਮੇਤ ਆਪਣੇ ਜ਼ਿਲ੍ਹੇ ਦੇ ਡੀ.ਸੀ. ਕੰਪਲੈਕਸ ਵਿੱਚ ਸਥਿਤ ਸੇਵਾ ਕੇਂਦਰ ਵਿੱਚ ਇੰਟਰਵਿਊ ਲਈ ਪਹੁੰਚ ਸਕਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਹ ਨੌਕਰੀ ਮੇਲਾ ਉਸੇ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ।
ਵਧੇਰੇ ਜਾਣਕਾਰੀ ਲਈ ਉਮੀਦਵਾਰ 95305-40651 ਨੰਬਰ 'ਤੇ ਸੰਪਰਕ ਕਰ ਸਕਦੇ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH