
ਚੰਡੀਗੜ੍ਹ, 23 ਜੂਨ (ਹਿੰ.ਸ.)। ਆਈਡੀਐਫਸੀ ਫਸਟ ਬੈਂਕ ਘੁਟਾਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਆਈਏਐਸ ਅਧਿਕਾਰੀ ਪੰਕਜ ਅਗਰਵਾਲ ਨੂੰ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਦੋ ਦਿਨਾਂ ’ਤੇ ਭੇਜ ਦਿੱਤਾ ਹੈ। ਸੋਮਵਾਰ ਰਾਤ ਸੀਬੀਆਈ ਵੱਲੋਂ ਪੁੱਛਗਿੱਛ ਤੋਂ ਬਾਅਦ ਅਗਰਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇਸ ਤੋਂ ਬਾਅਦ ਉਨ੍ਹਾਂ ਨੂੰ ਮੰਗਲਵਾਰ ਨੂੰ ਪੰਚਕੂਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਸੀਬੀਆਈ ਨੂੰ ਪੰਕਜ ਅਗਰਵਾਲ ਦਾ ਦੋ ਦਿਨਾਂ ਦਾ ਰਿਮਾਂਡ ਦੇ ਦਿੱਤਾ। ਪੇਸ਼ੀ ਤੋਂ ਬਾਅਦ, ਬਚਾਅ ਪੱਖ ਦੇ ਵਕੀਲ ਵਿਸ਼ਾਲ ਗਰਗ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੀਬੀਆਈ ਅਦਾਲਤ ਵਿੱਚ ਆਪਣਾ ਪੱਖ ਮਜ਼ਬੂਤੀ ਨਹੀਂ ਪੇਸ਼ ਕਰ ਸਕੀ ਅਤੇ ਇਸ ਲਈ, ਦੋ ਦਿਨਾਂ ਦੇ ਰਿਮਾਂਡ 'ਤੇ ਹੀ ਭੇਜਿਆ ਗਿਆ ਹੈ।
ਆਈਏਐਸ ਅਧਿਕਾਰੀ ਪੰਕਜ ਅਗਰਵਾਲ ਪਹਿਲਾਂ ਹੀ ਆਪਣਾ ਲੈਪਟਾਪ, ਮੋਬਾਈਲ ਫੋਨ ਅਤੇ ਕੇਸ ਨਾਲ ਸਬੰਧਿਤ ਫਾਈਲਾਂ ਸੀਬੀਆਈ ਨੂੰ ਸੌਂਪ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਅਗਰਵਾਲ ਪਿਛਲੇ ਮਹੀਨੇ ਹੀ ਜਾਂਚ ਵਿੱਚ ਸ਼ਾਮਲ ਹੋ ਗਏ ਸਨ। ਸੀਬੀਆਈ ਨੇ ਅੱਜ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਤੋਂ ਬਰਾਮਦ ਹੋਏ ਇਲੈਕਟ੍ਰਾਨਿਕ ਸਬੂਤਾਂ ਦੀ ਪੁਸ਼ਟੀ ਕਰਨ ਅਤੇ ਉਨ੍ਹਾਂ ਦਾ ਸਾਹਮਣਾ ਕਰਨ ਲਈ ਰਿਮਾਂਡ ਦੀ ਲੋੜ ਹੈ। ਇਸ ਦੇ ਆਧਾਰ 'ਤੇ ਅਦਾਲਤ ਨੇ ਉਨ੍ਹਾਂ ਨੂੰ ਦੋ ਦਿਨਾਂ ਦਾ ਰਿਮਾਂਡ ਦੇ ਦਿੱਤਾ ਹੈ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ