
ਫਾਜ਼ਿਲਕਾ, 23 ਜੂਨ (ਹਿੰ.ਸ.)। ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦੀ ਧਰਮਪਤਨੀ ਖੁਸ਼ਬੂ ਸਵਨਾ ਵੱਲੋਂ ਹਲਕੇ ਦੇ ਪਿੰਡ ਚੁਆੜੀਆ ਵਾਲੀ ਤੇ ਪੂਰਨ ਪੱਟੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਦੋ ਬੱਸਾਂ ਰਵਾਨਾ ਕੀਤੀ। ਇਹ ਬੱਸਾਂ ਸ਼ਰਧਾਲੂਆਂ ਨੂੰ ਹਰਿਮੰਦਰ ਸਾਹਿਬ, ਰਾਮ ਤੀਰਥ ਮੰਦਰ, ਦੁਰਗਿਆਨਾ ਮੰਦਿਰ ਤੇ ਵਾਹਗਾ ਬਾਰਡਰ ਲੈ ਕੇ ਜਾਵੇਗੀ।
ਸਵਨਾ ਨੇ ਕਿਹਾ ਕਿ ਇਸ ਯੋਜਨਾ ਤਹਿਤ ਯਾਤਰੀਆਂ ਲਈ ਆਵਾਜਾਈ, ਰਹਿਣ-ਸਹਿਣ ਤੇ ਭੋਜਨ ਦਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਬਿਲਕੁਲ ਮੁਫ਼ਤ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਯਾਤਰੀ ਨੂੰ ਕੋਈ ਅਸੁਵਿਧਾ ਨਾ ਹੋਵੇ। ਉਨ੍ਹਾਂ ਕਿਹਾ ਕਿ ਬਜੁਰਗ ਅਵਸਥਾ ਵਿਚ ਸ਼ਰਧਾਲੂ ਤੀਰਥ ਸਥਾਨਾਂ ਵਿਖੇ ਜਾਣ ਤੋਂ ਵਾਂਝੇ ਰਹਿ ਜਾਂਦੇ ਸਨ ਤੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦਾ ਮੁੱਖ ਉਦੇਸ਼ ਵੱਡੀ ਉਮਰ ਦੇ ਲੋਕਾਂ ਅਤੇ ਧਾਰਮਿਕ ਸ਼ਰਧਾਲੂਆਂ ਨੂੰ ਆਸਾਨ, ਸੁਰੱਖਿਅਤ ਅਤੇ ਮੁਫ਼ਤ ਤੀਰਥ ਦਰਸ਼ਨ ਕਰਵਾਉਣਾ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ‘ਮੁੱਖ ਮੰਤਰੀ ਤੀਰਥ ਯਾਤਰਾ’ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਸੰਗਤਾਂ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਅੰਦਰ ਪੂਰੀ ਖੁਸ਼ੀ ਤੇ ਉਤਸ਼ਾਹ ਨਜ਼ਰ ਆਉਂਦਾ ਹੈ ਤੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਹੈ।
ਇਸ ਮੌਕੇ ਤੇ ਸਰਪੰਚ ਮਿੰਦਰ ਕੁਮਾਰ, ਪੰਚਾਇਤ ਮੈਂਬਰ ਪਰਮਜੀਤ ਕੌਰ, ਤੁਲਸੀ ਰਾਮ, ਵਿਕਾਸ, ਮੋਹਨ ਲਾਲ, ਬਿੱਟੂ ਸੇਤੀਆ, ਸਰਪੰਚ ਪਰਵਿੰਦਰ ਕੌਰ, ਪੰਚਾਇਤ ਮੈਂਬਰ, ਸੰਦੀਪ ਸਿੰਘ ਆਦਿ ਮੌਜੂਦ ਸਨ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ