
ਜਲੰਧਰ, 23 ਜੂਨ (ਹਿੰ.ਸ.)| ਜਲੰਧਰ ਦੇ ਫੋਲੜੀਵਾਲ ਇਲਾਕੇ ਵਿੱਚ ਇੱਕ ਚੱਲਦੀ ਸਕਾਰਪੀਓ ਗੱਡੀ ਨੂੰ ਅਚਾਨਕ ਅੱਗ ਲੱਗਣ ਕਾਰਨ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਦਰਦਨਾਕ ਮੌਤ ਹੋ ਗਈ। ਘਟਨਾ ਦੌਰਾਨ ਆਸ-ਪਾਸ ਦੇ ਲੋਕਾਂ ਨੇ ਅੱਗ ਬੁਝਾ ਕੇ ਡਰਾਈਵਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਨੂੰ ਮੌਕੇ ’ਤੇ ਬੁਲਾਉਣਾ ਪਿਆ।
ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਅੰਦਰੋਂ ਡਰਾਈਵਰ ਦੀ ਬੁਰੀ ਤਰ੍ਹਾਂ ਸੜੀ ਹੋਈ ਲਾਸ਼ ਬਰਾਮਦ ਹੋਈ। ਪੁਲਿਸ ਨੇ ਲਾਸ਼ ਅਤੇ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅੱਗ ਲੱਗਣ ਤੋਂ ਬਾਅਦ ਸਕਾਰਪੀਓ ਦੇ ਦਰਵਾਜ਼ੇ ਲਾਕ ਹੋ ਗਏ, ਜਿਸ ਕਾਰਨ ਡਰਾਈਵਰ ਗੱਡੀ ਤੋਂ ਬਾਹਰ ਨਹੀਂ ਨਿਕਲ ਸਕਿਆ। ਪੁਲਿਸ ਅਨੁਸਾਰ ਗੱਡੀ ਦੇ ਅੰਦਰ ਰੱਖਿਆ ਕੋਈ ਡਿਓਡਰੈਂਟ ਜਾਂ ਸਪਰੇ ਫਟਣ ਕਾਰਨ ਅੱਗ ਲੱਗਣ ਦੀ ਸੰਭਾਵਨਾ ਹੈ।
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਫੋਲੜੀਵਾਲ ਵਿੱਚ ਖੇਤਾਂ ਕੋਲ ਬਣੇ ਛੱਪੜ ਨੇੜੇ ਇੱਕ ਚੱਲਦੀ ਸਕਾਰਪੀਓ ਨੂੰ ਅੱਗ ਲੱਗ ਗਈ ਹੈ। ਸਥਾਨਕ ਲੋਕਾਂ ਨੇ ਪਹਿਲਾਂ ਆਪਣੇ ਪੱਧਰ ’ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬੀ ਨਾ ਮਿਲਣ ’ਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਅੱਗ ਕਾਰਨ ਗੱਡੀ ਦੀ ਨੰਬਰ ਪਲੇਟ ਵੀ ਬੁਰੀ ਤਰ੍ਹਾਂ ਸੜ ਗਈ ਸੀ। ਹਾਲਾਂਕਿ ਪੁਲਿਸ ਨੇ ਜਾਂਚ ਦੌਰਾਨ ਗੱਡੀ ਦਾ ਨੰਬਰ ਪਤਾ ਲਗਾਇਆ ਗਿਆ, ਜੋ ਕਿ ਕਪੂਰਥਲਾ ਜ਼ਿਲ੍ਹੇ ਵਿੱਚ ਰਜਿਸਟਰਡ ਹੈ। ਇਹ ਗੱਡੀ ਗੁਰਪ੍ਰੀਤ ਸਿੰਘ ਦੇ ਨਾਮ ’ਤੇ ਦਰਜ ਦੱਸੀ ਜਾ ਰਹੀ ਹੈ।
ਪੁਲਿਸ ਮੁਤਾਬਕ ਮ੍ਰਿਤਕ ਦਾ ਸ਼ਰੀਰ ਬੁਰੀ ਤਰ੍ਹਾਂ ਸੜ ਜਾਣ ਕਾਰਨ ਉਸ ਦੀ ਪਛਾਣ ਕਰਨਾ ਮੁਸ਼ਕਲ ਹੋ ਰਿਹਾ ਹੈ। ਗੱਡੀ ਵਿੱਚੋਂ ਵੀ ਅਜਿਹੀ ਕੋਈ ਵਸਤੂ ਨਹੀਂ ਮਿਲੀ ਜਿਸ ਨਾਲ ਮ੍ਰਿਤਕ ਦੀ ਸ਼ਨਾਖ਼ਤ ਕੀਤੀ ਜਾ ਸਕੇ। ਇਸ ਲਈ ਹੁਣ ਪੁਲਿਸ ਵਾਹਨ ਮਾਲਕ ਦੇ ਜ਼ਰੀਏ ਮ੍ਰਿਤਕ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ। ਫੋਲੜੀਵਾਲ ਚੌਕੀ ਦੇ ਇੰਚਾਰਜ ਏਐਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਲੱਗਦਾ ਹੈ ਕਿ ਗੱਡੀ ਦੇ ਅੰਦਰ ਰੱਖਿਆ ਕੋਈ ਸਪਰੇ ਜਾਂ ਡਿਓਡਰੈਂਟ ਫਟ ਗਿਆ, ਜਿਸ ਕਾਰਨ ਗੱਡੀ ਵਿੱਚ ਅਚਾਨਕ ਹੜਕੰਪ ਮਚ ਗਿਆ। ਇਸ ਦੌਰਾਨ ਵਾਹਨ ਬੇਕਾਬੂ ਹੋ ਕੇ ਸੜਕ ਕਿਨਾਰੇ ਖੰਭੇ ਨਾਲ ਟਕਰਾ ਗਿਆ ਅਤੇ ਪਾਣੀ ਨਾਲ ਭਰੇ ਖੇਤ ਵਿੱਚ ਜਾ ਡਿੱਗਿਆ, ਜਿੱਥੇ ਗੱਡੀ ਨੂੰ ਭਿਆਨਕ ਅੱਗ ਲੱਗ ਗਈ। ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੀ ਪਛਾਣ ਲਈ ਯਤਨ ਜਾਰੀ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH