
ਚੰਡੀਗੜ੍ਹ, 23 ਜੂਨ (ਹਿੰ.ਸ.)| ਪੰਜਾਬ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਸ਼ੁਭਮ ਸ਼ਰਮਾ ‘ਸ਼ੁਭੀ’ ਪੰਜਾਬ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਬਣਨ ਜਾ ਰਹੇ ਹਨ। ਸਖ਼ਤ ਮੁਕਾਬਲੇ ਅਤੇ ਰੋਮਾਂਚਕ ਚੋਣੀ ਜੰਗ ਵਿੱਚ ਸ਼ੁਭਮ ਸ਼ਰਮਾ ਨੇ 3,800 ਤੋਂ ਵੱਧ ਵੋਟਾਂ ਦੇ ਫਰਕ ਨਾਲ ਸ਼ਾਨਦਾਰ ਜਿੱਤ ਦਰਜ ਕਰਦਿਆਂ ਪਾਰਟੀ ਦੇ ਅਹਿਮ ਯੂਥ ਵਿੰਗ ਦੀ ਕਮਾਨ ਸੰਭਾਲਣ ਦਾ ਰਾਹ ਸਾਫ਼ ਕਰ ਲਿਆ ਹੈ।
ਇਨ੍ਹਾਂ ਚੋਣਾਂ ਵਿੱਚ ਹੋਰ ਉਮੀਦਵਾਰਾਂ ਵੱਲੋਂ ਵੀ ਸਖ਼ਤ ਟੱਕਰ ਦਿੱਤੀ ਗਈ। ਸ਼ੁਭਮ ਸ਼ਰਮਾ ਨੂੰ ਕੁੱਲ 1,60,154 ਵੋਟਾਂ ਪ੍ਰਾਪਤ ਹੋਈਆਂ, ਜਦਕਿ ਉਨ੍ਹਾਂ ਦੇ ਮੁੱਖ ਵਿਰੋਧੀ ਗਗਨਦੀਪ ਨੂੰ 1,56,271 ਵੋਟਾਂ ਮਿਲੀਆਂ। ਇਸ ਤਰ੍ਹਾਂ ਸ਼ੁਭਮ ਸ਼ਰਮਾ ‘ਸ਼ੁਭੀ’ ਨੇ ਗਗਨਦੀਪ ਨੂੰ ਹਰਾ ਕੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਆਪਣੇ ਨਾਮ ਕਰ ਲਿਆ।
ਚੋਣ ਨਤੀਜਿਆਂ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ੁਭਮ ਸ਼ਰਮਾ ‘ਸ਼ੁਭੀ’ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸ਼ੁਭਮ ਸ਼ਰਮਾ ਪੰਜਾਬ ਦੇ ਨੌਜਵਾਨਾਂ ਦੀ ਪਹਿਲੀ ਪਸੰਦ ਵਜੋਂ ਉਭਰੇ ਹਨ ਅਤੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਕਾਂਗਰਸੀ ਆਗੂਆਂ ਅਤੇ ਯੂਥ ਕਾਂਗਰਸ ਦੇ ਵਰਕਰਾਂ ਨੇ ਵੀ ਸ਼ੁਭਮ ਸ਼ਰਮਾ ਦੀ ਜਿੱਤ ਦਾ ਸਵਾਗਤ ਕਰਦਿਆਂ ਇਸ ਨੂੰ ਨੌਜਵਾਨਾਂ ਦੀ ਆਵਾਜ਼ ਦੀ ਜਿੱਤ ਕਰਾਰ ਦਿੱਤਾ ਹੈ। ਆਉਣ ਵਾਲੇ ਸਮੇਂ ਵਿੱਚ ਪੰਜਾਬ ਯੂਥ ਕਾਂਗਰਸ ਦੀ ਅਗਵਾਈ ਹੇਠ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਜਤਾਈ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH