
ਜਲੰਧਰ, 23 ਜੂਨ (ਹਿੰ.ਸ.)| ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਆਪਣੀ ਕਾਰਵਾਈ ਤੇਜ਼ ਕਰਦਿਆਂ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਵਿਜੈ ਸਾਂਪਲਾ ਨੂੰ ਪੁੱਛਗਿੱਛ ਲਈ ਤਲਬ ਕੀਤਾ। ਮੰਗਲਵਾਰ ਨੂੰ ਵਿਜੈ ਸਾਂਪਲਾ ਜਲੰਧਰ ਦੇ ਪੀਏਪੀ ਕੰਪਲੈਕਸ ਵਿਖੇ ਐਸਆਈਟੀ ਅੱਗੇ ਪੇਸ਼ ਹੋਏ।
ਐਸਆਈਟੀ ਸਾਹਮਣੇ ਪੇਸ਼ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਜੈ ਸਾਂਪਲਾ ਨੇ ਕਿਹਾ ਕਿ ਉਨ੍ਹਾਂ ਨੂੰ ਸਾਲ 2018 ਵਿੱਚ ਰਾਜਪਾਲ ਨੂੰ ਸੌਂਪੇ ਗਏ ਇੱਕ ਮੰਗ ਪੱਤਰ ਸਬੰਧੀ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਉਹ ਪੰਜਾਬ ਭਾਜਪਾ ਦੇ ਪ੍ਰਧਾਨ ਨਹੀਂ ਸਨ, ਹਾਲਾਂਕਿ ਅਕਾਲੀ ਦਲ-ਭਾਜਪਾ ਗਠਜੋੜ ਵੱਲੋਂ ਸਾਂਝੇ ਤੌਰ ’ਤੇ ਮੰਗ ਪੱਤਰ ਸੌਂਪਿਆ ਗਿਆ ਸੀ।
ਸਾਂਪਲਾ ਨੇ ਦੱਸਿਆ ਕਿ ਉਨ੍ਹਾਂ ਨੇ ਐਸਆਈਟੀ ਕੋਲੋਂ ਮੰਗ ਪੱਤਰ ਦੀ ਕਾਪੀ ਮੰਗੀ ਹੈ ਤਾਂ ਜੋ ਦਸਤਾਵੇਜ਼ ਦਾ ਅਧਿਐਨ ਕਰਨ ਤੋਂ ਬਾਅਦ ਉਹ ਵਿਸਥਾਰ ਨਾਲ ਆਪਣਾ ਪੱਖ ਰੱਖ ਸਕਣ। ਉਨ੍ਹਾਂ ਕਿਹਾ ਕਿ ਦਸਤਾਵੇਜ਼ ਮਿਲਣ ਉਪਰੰਤ ਉਹ ਇਸ ਨੂੰ ਮੀਡੀਆ ਸਾਹਮਣੇ ਵੀ ਜਨਤਕ ਕਰਨਗੇ। ਸਾਬਕਾ ਭਾਜਪਾ ਪ੍ਰਧਾਨ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਦਬਾਅ ਬਣਾਉਣ ਜਾਂ ਡਰਾਉਣ ਦੀ ਨੀਅਤ ਨਾਲ ਬੁਲਾਇਆ ਗਿਆ ਹੈ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਐਸਆਈਟੀ ਉਨ੍ਹਾਂ ਨੂੰ ਦੁਬਾਰਾ ਪੁੱਛਗਿੱਛ ਲਈ ਸੱਦਦੀ ਹੈ ਤਾਂ ਉਹ ਪੂਰਾ ਸਹਿਯੋਗ ਕਰਨਗੇ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਮਾਮਲਾ ਸਾਲ 2015 ਨਾਲ ਸਬੰਧਤ ਹੈ, ਜਦਕਿ ਉਹ 2016 ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਬਣੇ ਸਨ। ਸਾਂਪਲਾ ਨੇ ਕਿਹਾ ਕਿ ਆਪਣੇ ਰਾਜਨੀਤਿਕ ਜੀਵਨ ਦੌਰਾਨ ਉਨ੍ਹਾਂ ਨੇ ਸੈਂਕੜੇ ਮੰਗ ਪੱਤਰ ਸੌਂਪੇ ਹਨ ਅਤੇ ਉਸ ਸਮੇਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਸੀ। ਫਿਲਹਾਲ ਐਸਆਈਟੀ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਪੁੱਛਗਿੱਛ ਹੋਣ ਦੀ ਸੰਭਾਵਨਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH