
ਫਰੀਦਕੋਟ, 24 ਜੂਨ (ਹਿੰ.ਸ.)| ਕੇਂਦਰੀ ਮਾਡਰਨ ਜੇਲ੍ਹ ਫਰੀਦਕੋਟ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਕੋਲੋਂ ਮੋਬਾਈਲ ਫੋਨ ਬਰਾਮਦ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਮੰਗਲਵਾਰ ਰਾਤ ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਅੰਦਰ ਚਲਾਏ ਗਏ ਵਿਸ਼ੇਸ਼ ਤਲਾਸ਼ੀ ਅਭਿਆਨ ਦੌਰਾਨ ਵੱਖ-ਵੱਖ ਬੈਰਕਾਂ ਵਿੱਚੋਂ ਕੁੱਲ 6 ਮੋਬਾਈਲ ਫੋਨ ਬਰਾਮਦ ਕੀਤੇ ਗਏ। ਇਸ ਮਾਮਲੇ ਵਿੱਚ 5 ਹਵਾਲਾਤੀਆਂ ਖ਼ਿਲਾਫ਼ ਜੇਲ੍ਹ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਜੇਲ੍ਹ ਦੇ ਸਹਾਇਕ ਸੁਪਰਡੈਂਟ ਵੀਰਪਾਲ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਜੇਲ੍ਹ ਸੁਪਰਡੈਂਟ ਦੇ ਨਿਰਦੇਸ਼ਾਂ ਅਨੁਸਾਰ ਜੇਲ੍ਹ ਪਰਿਸਰ ਅਤੇ ਬੈਰਕਾਂ ਦੀ ਸਮੇਂ-ਸਮੇਂ 'ਤੇ ਗਹਿਰਾਈ ਨਾਲ ਤਲਾਸ਼ੀ ਲਈ ਜਾਂਦੀ ਹੈ। ਇਸੇ ਤਹਿਤ ਮੰਗਲਵਾਰ ਰਾਤ ਉਪ ਸੁਪਰਡੈਂਟ ਰਵੀ ਕੁਮਾਰ ਦੀ ਨਿਗਰਾਨੀ ਹੇਠ ਜੇਲ੍ਹ ਕਰਮਚਾਰੀਆਂ ਦੀ ਇੱਕ ਵਿਸ਼ੇਸ਼ ਟੀਮ ਨੇ ਬੈਰਕਾਂ ਵਿੱਚ ਸਰਚ ਅਭਿਆਨ ਚਲਾਇਆ।
ਤਲਾਸ਼ੀ ਦੌਰਾਨ ਪੰਜ ਹਵਾਲਾਤੀਆਂ ਦੇ ਕਬਜ਼ੇ ਵਿੱਚੋਂ ਤਿੰਨ ਟੱਚ ਸਕਰੀਨ ਅਤੇ ਤਿੰਨ ਕੀਪੈਡ ਮੋਬਾਈਲ ਫੋਨ ਬਰਾਮਦ ਹੋਏ। ਨਾਮਜ਼ਦ ਕੀਤੇ ਗਏ ਹਵਾਲਾਤੀਆਂ ਦੀ ਪਛਾਣ ਤ੍ਰਿਲੋਕ ਸਿੰਘ ਵਾਸੀ ਸ੍ਰੀਗੰਗਾਨਗਰ, ਬਿਲਾਲ ਅਹਿਮਦ ਵਾਸੀ ਫਰੀਦਕੋਟ, ਨਵਦੀਪ ਸਿੰਘ ਵਾਸੀ ਜ਼ੀਰਾ, ਲਵਪ੍ਰੀਤ ਸਿੰਘ ਵਾਸੀ ਮੋਗਾ ਅਤੇ ਵਰਿੰਦਰ ਸਿੰਘ ਵਾਸੀ ਫਾਜ਼ਿਲਕਾ ਵਜੋਂ ਹੋਈ ਹੈ। ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ਦੇ ਆਧਾਰ 'ਤੇ ਸਿਟੀ ਫਰੀਦਕੋਟ ਪੁਲਿਸ ਨੇ ਪੰਜਾਂ ਹਵਾਲਾਤੀਆਂ ਖ਼ਿਲਾਫ਼ ਜੇਲ੍ਹ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜੇਲ੍ਹ ਇਨਵੈਸਟੀਗੇਸ਼ਨ ਸੈੱਲ ਦੇ ਇੰਚਾਰਜ ਏਐਸਆਈ ਗੁਰਪਾਲ ਸਿੰਘ ਨੇ ਦੱਸਿਆ ਕਿ ਨਾਮਜ਼ਦ ਹਵਾਲਾਤੀਆਂ ਨੂੰ ਜਲਦ ਹੀ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ। ਜਾਂਚ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਜੇਲ੍ਹ ਦੀ ਸੁਰੱਖਿਆ ਵਿੱਚ ਸੰਨ੍ਹ ਲਾ ਕੇ ਇਹ ਮੋਬਾਈਲ ਫੋਨ ਅੰਦਰ ਕਿਵੇਂ ਪਹੁੰਚੇ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਕਿਸੇ ਜੇਲ੍ਹ ਕਰਮਚਾਰੀ ਜਾਂ ਅਧਿਕਾਰੀ ਦੀ ਮਿਲੀਭੁਗਤ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH