
ਖੰਨਾ, 24 ਜੂਨ (ਹਿੰ.ਸ.)| ਖੰਨਾ ਦੇ ਨਜ਼ਦੀਕੀ ਪਿੰਡ ਬੂਥਗੜ੍ਹ ਵਿੱਚ ਇੱਕ ਨਵ-ਵਿਆਹੇ ਜੋੜੇ ਦੀ ਮੌਤ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪਰਿਵਾਰ ਦੇ ਦੋਸ਼ਾਂ ਮੁਤਾਬਕ ਇੱਕ ਮਹਿਲਾ ਵੱਲੋਂ ਕਥਿਤ ਬਲੈਕਮੇਲਿੰਗ ਅਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤੇ ਜਾਣ ਕਾਰਨ ਪਹਿਲਾਂ ਪਤੀ ਨੇ ਜ਼ਹਿਰ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਜਦਕਿ ਕੁਝ ਸਮੇਂ ਬਾਅਦ ਪਤੀ ਦੀ ਮੌਤ ਦਾ ਸਦਮਾ ਨਾ ਸਹਾਰ ਸਕਣ ਕਾਰਨ ਪਤਨੀ ਨੇ ਵੀ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ।
ਮ੍ਰਿਤਕਾਂ ਦੀ ਪਛਾਣ 31 ਸਾਲਾ ਗੁਰਕਰਮਦੀਪ ਸਿੰਘ ਅਤੇ ਉਸ ਦੀ 23 ਸਾਲਾ ਪਤਨੀ ਜੈਸਮੀਨ ਨਾਗਰਾ ਵਜੋਂ ਹੋਈ ਹੈ। ਦੋਵਾਂ ਦਾ ਕਰੀਬ ਚਾਰ ਮਹੀਨੇ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ। ਗੁਰਕਰਮਦੀਪ ਸਿੰਘ ਪੇਸ਼ੇ ਤੋਂ ਆਰਕੀਟੈਕਟ ਸੀ।
ਮ੍ਰਿਤਕ ਦੀ ਮਾਤਾ ਸਿੰਦਰਪਾਲ ਕੌਰ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਪਿੰਡ ਦੀ ਰਹਿਣ ਵਾਲੀ ਨਵਜੋਤ ਕੌਰ ਉਰਫ਼ ਦੀਪ ਦੀ ਵਿਆਹ ਤੋਂ ਪਹਿਲਾਂ ਉਸ ਦੇ ਪੁੱਤਰ ਨਾਲ ਦੋਸਤੀ ਸੀ। ਪਰਿਵਾਰ ਨੇ ਦੋਸ਼ ਲਗਾਇਆ ਕਿ ਵਿਆਹ ਤੋਂ ਬਾਅਦ ਉਕਤ ਮਹਿਲਾ ਗੁਰਕਰਮਦੀਪ ਸਿੰਘ ਨੂੰ ਕਥਿਤ ਤੌਰ 'ਤੇ ਬਲੈਕਮੇਲ ਕਰਨ ਲੱਗੀ ਅਤੇ ਲਗਾਤਾਰ ਪੈਸਿਆਂ ਦੀ ਮੰਗ ਕਰਦੀ ਸੀ।
ਪਰਿਵਾਰ ਦਾ ਇਹ ਵੀ ਦੋਸ਼ ਹੈ ਕਿ ਮਹਿਲਾ ਵੱਲੋਂ ਮਾਨਸਿਕ ਦਬਾਅ ਬਣਾਇਆ ਜਾਂਦਾ ਸੀ ਅਤੇ ਉਹ ਘਰ ਆ ਕੇ ਕਲੇਸ਼ ਵੀ ਕਰਦੀ ਰਹਿੰਦੀ ਸੀ। ਪਰਿਵਾਰ ਅਨੁਸਾਰ ਇਸ ਪਰੇਸ਼ਾਨੀ ਤੋਂ ਦੁਖੀ ਹੋ ਕੇ ਗੁਰਕਰਮਦੀਪ ਸਿੰਘ ਨੇ ਘਰ ਵਿੱਚ ਪਈ ਜ਼ਹਿਰੀਲੀ ਦਵਾਈ ਨਿਗਲ ਲਈ।
ਪਤੀ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਜੈਸਮੀਨ ਨਾਗਰਾ ਗਹਿਰੇ ਸਦਮੇ ਵਿੱਚ ਚਲੀ ਗਈ ਅਤੇ ਉਸ ਨੇ ਵੀ ਜ਼ਹਿਰ ਪੀ ਲਿਆ। ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ। ਘਟਨਾ ਤੋਂ ਬਾਅਦ ਸਦਰ ਥਾਣਾ ਪੁਲਿਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਨਵਜੋਤ ਕੌਰ ਉਰਫ਼ ਦੀਪ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਹੈ।
ਜਾਂਚ ਅਧਿਕਾਰੀ ਏਐਸਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਮਹਿਲਾ ਦੀ ਭਾਲ ਜਾਰੀ ਹੈ। ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਖੰਨਾ ਭੇਜਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਤੋਂ ਬਾਅਦ ਹੀ ਮਾਮਲੇ ਦੇ ਅਸਲ ਤੱਥ ਸਾਹਮਣੇ ਆਉਣਗੇ।
ਹਿੰਦੂਸਥਾਨ ਸਮਾਚਾਰ / GURSHARAN SINGH