
ਮੇਰੇ ਕੰਮ ਦਾ ਮੁਕਾਬਲਾ ਕਰਨ ਤੋਂ ਅਸਮਰੱਥ ਵਿਰੋਧੀ ਧਿਰ ਨੀਵੇਂ ਦਰਜੇ ਦੀ ਸਿਆਸਤ ਕਰ ਰਹੀ
ਮੇਰੇ ਵਿਰੋਧੀ ਧਰਮ ਦੇ ਨਾਮ 'ਤੇ ਲੋਕਾਂ ਨੂੰ ਗੁਮਰਾਹ ਕਰ ਰਹੇ
ਮੈਂ ਅੰਤਿਮ ਫੈਸਲਾ ਨਾਨਕ ਨਾਮ ਲੇਵਾ ਸੰਗਤ 'ਤੇ ਛੱਡਦਾ ਹਾਂ
ਚੰਡੀਗੜ੍ਹ, 24 ਜੂਨ (ਹਿੰ.ਸ.)| ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਥੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਲਈ ਕੀਤੇ ਜਾ ਰਹੇ ਕੰਮਾਂ ਨੂੰ ਚੁਣੌਤੀ ਦੇਣ ਵਿੱਚ ਨਾਕਾਮ ਰਹਿਣ ਦੇ ਚਲਦਿਆਂ ਰਾਜਨੀਤਿਕ ਵਿਰੋਧੀਆਂ ਵੱਲੋਂ ਮੈਨੂੰ ਬਦਨਾਮ ਕਰਨ ਲਈ ਜਾਣ-ਬੁੱਝ ਕੇ ਇੱਕ ਨਕਲੀ ਵੀਡੀਓ ਬਣਾ ਕੇ ਪ੍ਰਸਾਰਿਤ ਕੀਤੀ ਗਈ ਹੈ। ਵਿਰੋਧੀ ਧਿਰ ਉੱਤੇ ਧਰਮ ਦੇ ਨਾਮ 'ਤੇ ਲੋਕਾਂ ਨੂੰ ਗੁਮਰਾਹ ਅਤੇ ਨੀਵੇਂ ਦਰਜੇ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਕੋਲ ਸਾਡੀ ਸਰਕਾਰ ਵਿਰੁੱਧ ਕੋਈ ਮੁੱਦਾ ਨਹੀਂ ਬਚਿਆ, ਉਹ ਹੁਣ ਮਨਘੜਤ ਪ੍ਰਚਾਰ ਰਾਹੀਂ ਮੇਰੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਨਾਨਕ ਨਾਮ ਲੇਵਾ ਸੰਗਤ ਦੀ ਸੂਝ-ਬੂਝ ਵਿੱਚ ਪੂਰਾ ਵਿਸ਼ਵਾਸ ਜਤਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੰਤ ਵਿੱਚ ਜਿੱਤ ਸੱਚ ਦੀ ਹੀ ਹੋਵੇਗੀ ਅਤੇ ਉਹ ਅੰਤਿਮ ਫੈਸਲਾ ਸੰਗਤ 'ਤੇ ਛੱਡਦੇ ਹਨ। ਉਨ੍ਹਾਂ ਕਿਹਾ ਕਿ ਮੇਰਾ ਧਿਆਨ ਲੋਕਾਂ ਨੂੰ ਬਿਜਲੀ, ਪਾਣੀ, ਸੜਕਾਂ, ਹਸਪਤਾਲਾਂ, ਆਮ ਆਦਮੀ ਕਲੀਨਿਕਾਂ ਅਤੇ ਰੋਜ਼ਗਾਰ ਵਰਗੀਆਂ ਸਹੂਲਤਾਂ ਦੇਣ ‘ਤੇ ਕੇਂਦਰਤ ਰਹੇਗਾ ਅਤੇ ਸੱਚ-ਝੂਠ ਦਾ ਫੈਸਲਾ ਲੋਕ ਕਰਨਗੇ।
ਇੱਕ ਵੀਡੀਓ ਸੰਦੇਸ਼ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਬੇਹੱਦ ਨੀਵੇਂ ਦਰਜੇ ਦੀ ਰਾਜਨੀਤਿਕ ਸਾਜ਼ਿਸ਼ ਦੇ ਹਿੱਸੇ ਵਜੋਂ ਮੇਰੀਆਂ ਨਕਲੀ ਵੀਡੀਓਜ਼ ਪ੍ਰਸਾਰਿਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਮੇਰੇ ਵਿਰੋਧੀ ਕਿਸੇ ਹੋਰ ਪੱਖ 'ਤੇ ਮੈਨੂੰ ਚੁਣੌਤੀ ਦੇਣ ਵਿੱਚ ਅਸਮਰੱਥ ਹਨ ਤਾਂ ਉਹ ਹੁਣ ਧਾਰਮਿਕ ਮੁੱਦਿਆਂ ਰਾਹੀਂ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਹਾਲ ਹੀ ਵਿੱਚ ਪ੍ਰਸਾਰਿਤ ਇੱਕ ਵੀਡੀਓ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੇ ਸਖ਼ਸ਼ ਦੀ ਸਰੀਰਕ ਦਿੱਖ, ਕੱਦ-ਕਾਠੀ, ਚੱਲਣ ਅਤੇ ਵਿਚਰਨ ਦਾ ਤਰੀਕਾ ਕਿਸੇ ਵੀ ਪੱਖੋਂ ਮੇਰੇ ਨਾਲ ਮੇਲ ਨਹੀਂ ਖਾਂਦਾ। ਫਿਰ ਵੀ ਮੇਰੇ ਸਿਆਸੀ ਵਿਰੋਧੀ ਮੈਨੂੰ ਦੋਸ਼ੀ ਠਹਿਰਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ, ਪਰ ਲੋਕਾਂ ਅਤੇ ਸਿੱਖ ਭਾਈਚਾਰੇ ਨੇ ਇਹ ਵੀਡੀਓਜ਼ ਦੇਖ ਲਈਆਂ ਹਨ ਅਤੇ ਉਨ੍ਹਾਂ ਨੂੰ ਸਪੱਸ਼ਟ ਹੋ ਗਿਆ ਕਿ ਇਹ ਨਕਲੀ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਫੋਰੈਂਸਿਕ ਲੈਬਾਟਰੀਆਂ ਦੁਆਰਾ ਵੀਡੀਓ ਦੀ ਜਾਂਚ ਕਰਵਾਈ ਸੀ, ਪਰ ਹੁਣ ਉਨ੍ਹਾਂ ਲੈਬਾਟਰੀਆਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਮੇਰੇ ਵਿਰੁੱਧ ਇੱਕਜੁੱਟ ਹੋ ਕੇ ਇਨ੍ਹਾਂ ਲੈਬਾਟਰੀਆਂ ਦੇ ਮਾਲਕਾਂ ਅਤੇ ਇਨ੍ਹਾਂ ਨੂੰ ਚਲਾਉਣ ਵਾਲੇ ਕਰਮੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਵਿਵਾਦ ਦੀ ਸਾਜਿਸ਼ ਮੇਰੇ ਰਾਜਨੀਤਿਕ ਵਿਰੋਧੀਆਂ 'ਤੇ ਹੀ ਉਲਟੀ ਪੈ ਗਈ ਹੈ ਅਤੇ ਲੋਕ ਇਹ ਜਾਅਲੀ ਵੀਡੀਓਜ਼ ਜਾਰੀ ਕਰਨ ਲਈ ਉਨ੍ਹਾਂ ਦੀ ਆਲੋਚਨਾ ਕਰ ਰਹੇ ਹਨ, ਜਿਸ ਕਰ ਕੇ ਉਹ ਹੁਣ ਨੀਵੇਂ ਦਰਜੇ ਦੀ ਸਿਆਸਤ ਕਰ ਰਹੇ ਹਨ। ਉਹ ਐਫ.ਆਈ.ਆਰ. ਦੀਆਂ ਧਮਕੀਆਂ ਅਤੇ ਦਬਾਅ ਦੀਆਂ ਚਾਲਾਂ ਰਾਹੀਂ ਲੈਬਾਟਰੀਆਂ ਦੇ ਮਾਲਕਾਂ ਨੂੰ ਡਰਾ ਰਹੇ ਹਨ ਅਤੇ ਇਹ ਦਾਅਵਾ ਕਰਨ ਲਈ ਮਜਬੂਰ ਕਰ ਰਹੇ ਹਨ ਕਿ ਉਨ੍ਹਾਂ ਨੂੰ ਝੂਠੀ ਰਿਪੋਰਟ ਤਿਆਰ ਕਰਨ ਲਈ ਪੈਸੇ ਦਿੱਤੇ ਗਏ ਸਨ। ਵਿਰੋਧੀਆਂ ਦੇ ਕਹਿਣ ਅਨੁਸਾਰ ਸਰਕਾਰ ਨੇ ਜਿਸ ਲੈਬਾਟਰੀ ਤੋਂ ਜਾਂਚ ਕਰਵਾਈ ਉਹ ਨਕਲੀ ਸੀ, ਜਦੋਂ ਕਿ ਉਨ੍ਹਾਂ ਨੇ ਜਿਸ ਲੈਬਾਟਰੀ ਤੋਂ ਜਾਂਚ ਕਰਵਾਈ ਉਹ ਅਸਲੀ ਸੀ। ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਕੀ ਅਸਲੀ ਹੈ ਅਤੇ ਕੀ ਨਕਲੀ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਸਿੱਖ ਸੰਗਤ ਅਤੇ ਪੰਜਾਬ ਦੇ ਲੋਕਾਂ 'ਤੇ ਪੂਰਾ ਵਿਸ਼ਵਾਸ ਹੈ। ਉਨ੍ਹਾਂ ਕਿਹਾ ਕਿ ਮੈਂ ਇਹ ਮਾਮਲਾ ਲੋਕਾਂ ਅਤੇ ਸ੍ਰੀ ਨਾਨਕ ਨਾਮ ਲੇਵਾ ਸੰਗਤ 'ਤੇ ਛੱਡਦਾ ਹਾਂ। ਅਸਲੀਅਤ ਇਹ ਹੈ ਕਿ ਇਹ ਪਾਰਟੀਆਂ ਪੰਜਾਬ ਵਿੱਚ ਰਾਜਨੀਤਿਕ ਅਤੇ ਸਮਾਜਿਕ ਤੌਰ 'ਤੇ ਅਸਫ਼ਲ ਰਹੀਆਂ ਹਨ। ਇਸ ਲਈ ਉਨ੍ਹਾਂ ਨੇ ਹੁਣ ਧਾਰਮਿਕ ਆਧਾਰ 'ਤੇ ਮੈਨੂੰ ਨਿਸ਼ਾਨਾ ਬਣਾਉਣ ਦਾ ਰਾਹ ਚੁਣਿਆ ਹੈ। ਇਹ ਲੋਕ ਹਰ ਰੋਜ਼ ਨਵੇਂ ਫ਼ਰਜ਼ੀ ਵੀਡੀਓਜ਼ ਬਣਾ ਕੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪ੍ਰਸਾਰਿਤ ਕਰ ਰਹੇ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH