(ਅੱਪਡੇਟ) ਅਪਮਾਨਜਨਕ ਟਿੱਪਣੀ ਮਾਮਲੇ ਵਿੱਚ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਲਿਖਤੀ ਤੌਰ ‘ਤੇ ਮੰਗੀ ਮਾਫੀ
ਚੰਡੀਗੜ੍ਹ, 24 ਜੂਨ (ਹਿੰ.ਸ.)| ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਧੂਰੀ ਵਿੱਚ ਅਨੁਸੂਚਿਤ ਜਾਤੀ ਭਾਈਚਾਰੇ ਸਬੰਧੀ ਕਥਿਤ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਦੇ ਮਾਮਲੇ ਵਿੱਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਅੱਗੇ ਪੇਸ਼ ਹੋ ਕੇ ਲਿਖਤੀ ਤੌਰ ’ਤੇ ਮੁਆਫ਼ੀ ਮੰਗੀ ਹੈ। ਕਮਿਸ਼ਨ ਨੇ ਇਸ ਮਾ
ਚੇਅਰਮੈਨ ਜਸਵੀਰ ਸਿੰਘ ਗੜ੍ਹੀ ਅੱਗੇ ਪੇਸ਼ ਹੁੰਦੇ ਹੋਏ ਰਵਨੀਤ ਬਿੱਟੂ।


ਚੰਡੀਗੜ੍ਹ, 24 ਜੂਨ (ਹਿੰ.ਸ.)| ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਧੂਰੀ ਵਿੱਚ ਅਨੁਸੂਚਿਤ ਜਾਤੀ ਭਾਈਚਾਰੇ ਸਬੰਧੀ ਕਥਿਤ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਦੇ ਮਾਮਲੇ ਵਿੱਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਅੱਗੇ ਪੇਸ਼ ਹੋ ਕੇ ਲਿਖਤੀ ਤੌਰ ’ਤੇ ਮੁਆਫ਼ੀ ਮੰਗੀ ਹੈ। ਕਮਿਸ਼ਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਮਾਜਿਕ ਸਾਂਝ ਅਤੇ ਭਾਈਚਾਰਕ ਏਕਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਬਿੱਟੂ ਨੂੰ ਪੰਜਾਬ ਦੇ ਚਾਰ ਧਾਰਮਿਕ ਅਸਥਾਨਾਂ ’ਤੇ ਨਤਮਸਤਕ ਹੋਣ ਦੇ ਨਿਰਦੇਸ਼ ਦਿੱਤੇ ਹਨ।

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਦੇ ਸਾਹਮਣੇ ਪੇਸ਼ ਹੋਏ ਰਵਨੀਤ ਸਿੰਘ ਬਿੱਟੂ ਨੇ ਆਪਣੇ ਪੱਖ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਅਨੁਸੂਚਿਤ ਜਾਤੀ ਭਾਈਚਾਰੇ ਦੇ ਸਨਮਾਨ ਲਈ ਵਚਨਬੱਧ ਹਨ ਅਤੇ ਉਨ੍ਹਾਂ ਵੱਲੋਂ ਅਣਜਾਣੇ ਵਿੱਚ ਵਰਤੇ ਗਏ ਸ਼ਬਦਾਂ ਲਈ ਉਨ੍ਹਾਂ ਨੂੰ ਡੂੰਘਾ ਅਫ਼ਸੋਸ ਹੈ। ਉਨ੍ਹਾਂ ਕਮਿਸ਼ਨ ਅੱਗੇ ਲਿਖਤੀ ਮੁਆਫ਼ੀਨਾਮਾ ਵੀ ਪੇਸ਼ ਕੀਤਾ।

ਆਪਣੇ ਮੁਆਫ਼ੀਨਾਮੇ ਵਿੱਚ ਬਿੱਟੂ ਨੇ ਮੰਨਿਆ ਕਿ ਉਨ੍ਹਾਂ ਵੱਲੋਂ ਵਰਤੇ ਗਏ ਸ਼ਬਦ ਕਾਨੂੰਨੀ ਤੌਰ ’ਤੇ ਗਲਤ ਸਨ ਅਤੇ ਉਨ੍ਹਾਂ ਨੇ ਵਿਵਾਦਤ ਵੀਡੀਓ ਨੂੰ ਵੀ ਸੋਸ਼ਲ ਮੀਡੀਆ ਤੋਂ ਹਟਾ ਦਿੱਤਾ ਹੈ।

ਇਹ ਵਿਵਾਦ ਸੰਗਰੂਰ ਜ਼ਿਲ੍ਹੇ ਦੇ ਧੂਰੀ ਵਿੱਚ ਨਗਰ ਕੌਂਸਲ ਚੋਣਾਂ ਦੌਰਾਨ ਸਾਹਮਣੇ ਆਇਆ ਸੀ, ਜਦੋਂ ਇੱਕ ਭਾਜਪਾ ਆਗੂ ਦੀ ਗ੍ਰਿਫ਼ਤਾਰੀ ਦੇ ਵਿਰੋਧ ਦੌਰਾਨ ਬਿੱਟੂ ਦੀ ਪੁਲਿਸ ਨਾਲ ਤਕਰਾਰ ਹੋ ਗਈ ਸੀ। ਇਸ ਦੌਰਾਨ ਕਥਿਤ ਤੌਰ ’ਤੇ ਉਨ੍ਹਾਂ ਵੱਲੋਂ ਪੁਲਿਸ ਮੁਲਾਜ਼ਮਾਂ ਅਤੇ ਅਨੁਸੂਚਿਤ ਜਾਤੀ ਭਾਈਚਾਰੇ ਪ੍ਰਤੀ ਇਤਰਾਜ਼ਯੋਗ ਅਤੇ ਜਾਤੀ ਸੂਚਕ ਸ਼ਬਦ ਵਰਤੇ ਗਏ ਸਨ। ਘਟਨਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਕਮਿਸ਼ਨ ਨੇ ਸੁਤੰਤਰ ਤੌਰ ’ਤੇ ਇਸ ਦਾ ਨੋਟਿਸ ਲਿਆ ਸੀ।

ਕਮਿਸ਼ਨ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਵਰਤੇ ਗਏ ਸ਼ਬਦਾਂ ਅਤੇ ਵੀਡੀਓ ਨੂੰ ਹਟਾਉਣ ਦੇ ਮਾਮਲੇ ਨਾਲ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਜਿਸ ਨਾਲ ਭਾਈਚਾਰਕ ਸਾਂਝ ਪ੍ਰਭਾਵਿਤ ਹੋਣ ਦਾ ਖ਼ਤਰਾ ਪੈਦਾ ਹੋਇਆ। ਇਸ ਲਈ ਸਮਾਜਿਕ ਸਦਭਾਵਨਾ ਨੂੰ ਕਾਇਮ ਰੱਖਣ ਦੇ ਮੱਦੇਨਜ਼ਰ ਬਿੱਟੂ ਨੂੰ ਡੇਰਾ ਬਾਬਾ ਬ੍ਰਹਮਦਾਸ ਫਿਲੌਰ, ਡੇਰਾ ਸੱਚਖੰਡ ਬੱਲਾਂ ਜਲੰਧਰ, ਭਗਵਾਨ ਵਾਲਮੀਕੀ ਤੀਰਥ ਸਥਲ ਅੰਮ੍ਰਿਤਸਰ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande