ਬਠਿੰਡਾ 'ਚ ਭਾਜਪਾ ਆਗੂ ਦੇ ਕਲੀਨਿਕ 'ਤੇ ਪੈਟਰੋਲ ਬੰਬ ਸੁੱਟਣ ਦੇ ਮਾਮਲੇ 'ਚ 2 ਗ੍ਰਿਫ਼ਤਾਰ
ਬਠਿੰਡਾ, 25 ਜੂਨ (ਹਿੰ.ਸ.)| ਬਠਿੰਡਾ ਪੁਲਿਸ ਨੇ ਭਾਜਪਾ ਆਗੂ ਡਾ. ਤਰਸੇਮ ਗਰਗ ਦੇ ਕਲੀਨਿਕ ''ਤੇ ਪੈਟਰੋਲ ਬੰਬ ਸੁੱਟਣ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਦੌਰਾਨ ਦੋਵੇਂ ਮੁਲਜ਼ਮ ਜ਼ਖ਼ਮੀ ਹੋ ਗਏ। ਪੁਲਿਸ ਮੁਤਾਬਕ
ਪੁਲਿਸ ਹਿਰਾਸਤ ’ਚ ਮੁਲਜ਼ਮ।


ਬਠਿੰਡਾ, 25 ਜੂਨ (ਹਿੰ.ਸ.)| ਬਠਿੰਡਾ ਪੁਲਿਸ ਨੇ ਭਾਜਪਾ ਆਗੂ ਡਾ. ਤਰਸੇਮ ਗਰਗ ਦੇ ਕਲੀਨਿਕ 'ਤੇ ਪੈਟਰੋਲ ਬੰਬ ਸੁੱਟਣ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਦੌਰਾਨ ਦੋਵੇਂ ਮੁਲਜ਼ਮ ਜ਼ਖ਼ਮੀ ਹੋ ਗਏ। ਪੁਲਿਸ ਮੁਤਾਬਕ ਦੋਵਾਂ ਦੇ ਹੱਥ-ਪੈਰ ਟੁੱਟ ਗਏ ਹਨ।

ਇਹ ਕਾਰਵਾਈ ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ। ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਖੁਈਆਂ ਸਰਵਰ ਵਾਸੀ ਨਾਖੁਲ ਕੁਮਾਰ ਰਾਜਪੂਤ (21) ਅਤੇ ਗੁਰਵਿੰਦਰ ਸਿੰਘ ਉਰਫ਼ ਉੱਲੀ (22) ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਜਦੋਂ ਪੁਲਿਸ ਦੋਵਾਂ ਮੁਲਜ਼ਮਾਂ ਨੂੰ ਵਾਪਸ ਲੈ ਕੇ ਆ ਰਹੀ ਸੀ ਤਾਂ ਬਠਿੰਡਾ-ਮੁਕਤਸਰ ਹਾਈਵੇ 'ਤੇ ਉਨ੍ਹਾਂ ਨੇ ਪਿਸ਼ਾਬ ਕਰਨ ਦਾ ਬਹਾਨਾ ਬਣਾਇਆ। ਪੁਲਿਸ ਵੱਲੋਂ ਗੱਡੀ ਰੋਕਣ 'ਤੇ ਦੋਵਾਂ ਨੇ ਫਲਾਈਓਵਰ ਤੋਂ ਹੇਠਾਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਹ ਗੰਭੀਰ ਜ਼ਖ਼ਮੀ ਹੋ ਗਏ।

ਇਸ ਤੋਂ ਬਾਅਦ ਸੀਆਈਏ ਸਟਾਫ-2 ਅਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਵੱਲੋਂ ਸਾਂਝਾ ਆਪਰੇਸ਼ਨ ਚਲਾ ਕੇ ਦੋਵਾਂ ਨੂੰ ਕਾਬੂ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਇਹ ਘਟਨਾ 22 ਜੂਨ 2026 ਦੀ ਰਾਤ ਕਰੀਬ 9:42 ਵਜੇ ਵਾਪਰੀ ਸੀ। ਟੈਗੋਰ ਨਗਰ ਵਾਸੀ ਭਾਜਪਾ ਆਗੂ ਡਾ. ਤਰਸੇਮ ਗਰਗ ਦੇ ਵਿਸ਼ਾਲ ਨਗਰ ਸਥਿਤ ‘ਹੈਨੀਮੈਨ ਹੋਮਿਓ ਕਲੀਨਿਕ’ 'ਤੇ ਦੋ ਅਣਪਛਾਤੇ ਵਿਅਕਤੀਆਂ ਨੇ ਧਮਾਕਾਖੇਜ਼ ਸਮੱਗਰੀ (ਪੈਟਰੋਲ ਬੰਬ) ਨਾਲ ਭਰੀ ਕੱਚ ਦੀ ਬੋਤਲ ਸੁੱਟੀ ਸੀ।

ਇਸ ਮਾਮਲੇ ਵਿੱਚ 23 ਜੂਨ ਨੂੰ ਥਾਣਾ ਕੋਤਵਾਲੀ ਬਠਿੰਡਾ ਵਿੱਚ ਕੇਸ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਸ਼ਿਕਾਇਤਕਰਤਾ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਸ਼ਹਿਜ਼ਾਦ ਭੱਟੀ ਨਾਮਕ ਵਿਅਕਤੀ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਅਤੇ ਕੇਸ ਵਿੱਚ ਬੀਐਨਐਸ ਦੀ ਧਾਰਾ 113 ਵੀ ਜੋੜੀ ਗਈ।

ਵਾਰਦਾਤ ਨੂੰ ਸੁਲਝਾਉਣ ਲਈ ਐੱਸਪੀ ਸਿਟੀ ਅਤੇ ਐੱਸਪੀ ਡੀ ਦੀ ਨਿਗਰਾਨੀ ਹੇਠ ਪੁਲਿਸ ਦੀਆਂ ਕਈ ਟੀਮਾਂ ਬਣਾਈਆਂ ਗਈਆਂ ਸਨ। ਤਕਨੀਕੀ ਜਾਂਚ, ਸੀਸੀਟੀਵੀ ਫੁਟੇਜ ਅਤੇ ਗੁਪਤ ਸੂਚਨਾਵਾਂ ਦੇ ਆਧਾਰ 'ਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮਾਂ ਦੀ ਪਛਾਣ ਕੀਤੀ ਗਈ।

ਪੁਲਿਸ ਦੀ ਮੁੱਢਲੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਲਈ ਤੀਜੇ ਮੁਲਜ਼ਮ ਸੰਦੀਪ ਸਿੰਘ ਨੇ ਗੁਰਵਿੰਦਰ ਸਿੰਘ ਅਤੇ ਨਾਖੁਲ ਕੁਮਾਰ ਨੂੰ 3-3 ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ।

ਫਿਲਹਾਲ ਫਾਜ਼ਿਲਕਾ ਵਾਸੀ ਤੀਜੇ ਮੁਲਜ਼ਮ ਸੰਦੀਪ ਸਿੰਘ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਡੂੰਘੀ ਪੁੱਛਗਿੱਛ ਦੌਰਾਨ ਮਾਮਲੇ ਨਾਲ ਜੁੜੇ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande