
ਬੀਪੀ ਦੀਆਂ ਦੋ ਗੋਲੀਆਂ ਇਕੱਠੀਆਂ ਖਾਣ ਕਾਰਨ ਬਲੱਡ ਪ੍ਰੈਸ਼ਰ 60 ਤੋਂ ਹੇਠਾਂ ਪਹੁੰਚਿਆ, ਡਾਕਟਰ ਵੱਲੋਂ ਸੀਪੀਆਰ ਦੇਣ ਨਾਲ ਬਚੀ ਜਾਨ
ਜਲੰਧਰ, 25 ਜੂਨ (ਹਿੰ.ਸ.)| ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਆਗੂ ਮਨੋਰੰਜਨ ਕਾਲੀਆ ਦੀ ਬੁੱਧਵਾਰ ਨੂੰ ਅਚਾਨਕ ਤਬੀਅਤ ਵਿਗੜਣ ਤੋਂ ਬਾਅਦ ਉਨ੍ਹਾਂ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਾਣਕਾਰੀ ਅਨੁਸਾਰ ਇੱਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਗਲਤੀ ਨਾਲ ਬਲੱਡ ਪ੍ਰੈਸ਼ਰ ਦੀਆਂ ਦੋ ਦਵਾਈਆਂ ਇਕੱਠੀਆਂ ਲੈ ਲਈਆਂ, ਜਿਸ ਕਾਰਨ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਤੇਜ਼ੀ ਨਾਲ ਘਟ ਕੇ 60 ਤੋਂ ਹੇਠਾਂ ਚਲਾ ਗਿਆ ਅਤੇ ਉਹ ਬੇਹੋਸ਼ ਹੋ ਗਏ।ਦੱਸਿਆ ਜਾ ਰਿਹਾ ਹੈ ਕਿ ਮਨੋਰੰਜਨ ਕਾਲੀਆ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਇਸ ਦੇ ਬਾਵਜੂਦ ਉਹ ਆਪਣੀਆਂ ਸਮਾਜਿਕ ਅਤੇ ਰਾਜਨੀਤਿਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਜਲੰਧਰ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ। ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਗਲਤੀ ਨਾਲ ਬਲੱਡ ਪ੍ਰੈਸ਼ਰ ਦੀਆਂ ਦੋ ਗੋਲੀਆਂ ਇਕੱਠੀਆਂ ਖਾ ਲਈਆਂ। ਦਵਾਈ ਦੀ ਓਵਰਡੋਜ਼ ਕਾਰਨ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਅਚਾਨਕ ਬਹੁਤ ਘੱਟ ਹੋ ਗਿਆ ਅਤੇ ਉਹ ਮੌਕੇ 'ਤੇ ਹੀ ਬੇਹੋਸ਼ ਹੋ ਕੇ ਡਿੱਗ ਪਏ।ਰਾਹਤ ਦੀ ਗੱਲ ਇਹ ਰਹੀ ਕਿ ਪ੍ਰੋਗਰਾਮ ਵਿੱਚ ਡਾ. ਮੁਕੇਸ਼ ਵਾਲੀਆ ਵੀ ਮੌਜੂਦ ਸਨ। ਮਨੋਰੰਜਨ ਕਾਲੀਆ ਨੂੰ ਬੇਹੋਸ਼ ਹੁੰਦੇ ਦੇਖ ਉਨ੍ਹਾਂ ਨੇ ਬਿਨਾਂ ਦੇਰੀ ਕੀਤੇ ਤੁਰੰਤ ਸੀਪੀਆਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ।ਹਸਪਤਾਲ ਦੇ ਡਾਕਟਰਾਂ ਅਨੁਸਾਰ ਸਾਬਕਾ ਮੰਤਰੀ ਨੂੰ ਲੋਅ ਬਲੱਡ ਪ੍ਰੈਸ਼ਰ ਦੀ ਗੰਭੀਰ ਸਮੱਸਿਆ ਹੋਈ ਸੀ, ਪਰ ਸਮੇਂ ਸਿਰ ਇਲਾਜ ਮਿਲਣ ਕਾਰਨ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਆ ਗਿਆ ਹੈ। ਡਾਕਟਰਾਂ ਨੇ ਦੱਸਿਆ ਕਿ ਮਨੋਰੰਜਨ ਕਾਲੀਆ ਦੀ ਸਥਿਤੀ ਹੁਣ ਸਥਿਰ ਹੈ ਅਤੇ ਉਹ ਖਤਰੇ ਤੋਂ ਬਾਹਰ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH