
ਚੰਡੀਗੜ੍ਹ, 25 ਜੂਨ (ਹਿੰ.ਸ.)| ਚੰਡੀਗੜ੍ਹ ਵਿੱਚ 26 ਜੂਨ (ਸ਼ੁੱਕਰਵਾਰ) ਨੂੰ ਮੁਹਰਮ ਮੌਕੇ ਸਰਕਾਰੀ ਛੁੱਟੀ ਐਲਾਨੇ ਜਾਣ ਸਬੰਧੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੁਕਮ ਪੂਰੀ ਤਰ੍ਹਾਂ ਫਰਜ਼ੀ ਨਿਕਲਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਮਾਮਲੇ ‘ਤੇ ਸਪਸ਼ਟੀਕਰਨ ਜਾਰੀ ਕਰਦਿਆਂ ਕਿਹਾ ਹੈ ਕਿ ਯੂਟੀ ਵਿੱਚ ਸ਼ੁੱਕਰਵਾਰ ਨੂੰ ਕੋਈ ਜਨਤਕ ਛੁੱਟੀ ਐਲਾਨੀ ਨਹੀਂ ਗਈ। ਪ੍ਰਸ਼ਾਸਨ ਨੇ ਸਪਸ਼ਟ ਕੀਤਾ ਕਿ ਸਾਰੇ ਸਰਕਾਰੀ ਦਫ਼ਤਰ, ਸਕੂਲ, ਕਾਲਜ ਅਤੇ ਹੋਰ ਸੰਸਥਾਵਾਂ ਆਮ ਦਿਨਾਂ ਦੀ ਤਰ੍ਹਾਂ ਖੁੱਲ੍ਹੀਆਂ ਰਹਿਣਗੀਆਂ ਅਤੇ ਕੰਮਕਾਜ ਨਿਰਧਾਰਤ ਸਮੇਂ ਅਨੁਸਾਰ ਜਾਰੀ ਰਹੇਗਾ।
ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਤੋਂ ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਇੱਕ ਕਥਿਤ ਹੁਕਮ ਤੇਜ਼ੀ ਨਾਲ ਵਾਇਰਲ ਹੋ ਰਿਹਾ ਸੀ। ਇਸ ਪੱਤਰ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਮੁਹਰਮ ਦੇ ਮੌਕੇ 26 ਜੂਨ ਨੂੰ ਰਿਸਟ੍ਰਿਕਟਿਡ ਹਾਲੀਡੇ (ਆਰ.ਐਚ.) ਨੂੰ ਬਦਲ ਕੇ ਜਨਤਕ ਛੁੱਟੀ ਕਰ ਦਿੱਤੀ ਗਈ ਹੈ।ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਫੈਲਾਇਆ ਜਾ ਰਿਹਾ ਦਸਤਾਵੇਜ਼ ਫਰਜ਼ੀ, ਗੁੰਮਰਾਹਕੁੰਨ ਅਤੇ ਤੱਥਾਂ ਤੋਂ ਰਹਿਤ ਹੈ। ਪ੍ਰਸ਼ਾਸਨ ਨੇ ਦੱਸਿਆ ਕਿ ਗ੍ਰਹਿ ਵਿਭਾਗ ਵੱਲੋਂ ਇਸ ਸਬੰਧੀ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ।ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਪੁਸ਼ਟੀ ਕੀਤੇ ਕਿਸੇ ਵੀ ਸੰਦੇਸ਼ ਜਾਂ ਦਸਤਾਵੇਜ਼ ‘ਤੇ ਭਰੋਸਾ ਨਾ ਕਰਨ ਅਤੇ ਅਜਿਹੀ ਜਾਣਕਾਰੀ ਨੂੰ ਅੱਗੇ ਸਾਂਝਾ ਕਰਨ ਤੋਂ ਪਹਿਲਾਂ ਉਸ ਦੀ ਸੱਚਾਈ ਦੀ ਜਾਂਚ ਜ਼ਰੂਰ ਕਰਨ।ਪ੍ਰਸ਼ਾਸਨ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਫਰਜ਼ੀ ਜਾਣਕਾਰੀ ਫੈਲਾਉਣਾ ਕਾਨੂੰਨੀ ਕਾਰਵਾਈ ਦੇ ਦਾਇਰੇ ਵਿੱਚ ਆ ਸਕਦਾ ਹੈ। ਕਿਸੇ ਵੀ ਛੁੱਟੀ, ਹੁਕਮ ਜਾਂ ਸਰਕਾਰੀ ਨੋਟੀਫਿਕੇਸ਼ਨ ਨਾਲ ਜੁੜੀ ਜਾਣਕਾਰੀ ਸਿਰਫ਼ ਅਧਿਕਾਰਤ ਵੈੱਬਸਾਈਟ ਅਤੇ ਪ੍ਰਮਾਣਿਤ ਸਰਕਾਰੀ ਸਰੋਤਾਂ ਰਾਹੀਂ ਹੀ ਜਾਰੀ ਕੀਤੀ ਜਾਂਦੀ ਹੈ। ਪ੍ਰਸ਼ਾਸਨ ਅਨੁਸਾਰ 26 ਜੂਨ ਨੂੰ ਚੰਡੀਗੜ੍ਹ ਦੇ ਸਾਰੇ ਸਰਕਾਰੀ ਦਫ਼ਤਰ, ਬੋਰਡ, ਨਿਗਮ, ਸਕੂਲ, ਕਾਲਜ ਅਤੇ ਹੋਰ ਸੰਸਥਾਵਾਂ ਆਮ ਤਰੀਕੇ ਨਾਲ ਖੁੱਲ੍ਹੇ ਰਹਿਣਗੇ ਅਤੇ ਰੋਜ਼ਾਨਾ ਦੀ ਤਰ੍ਹਾਂ ਕੰਮਕਾਜ ਜਾਰੀ ਰਹੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH