
ਬਰਨਾਲਾ,25 ਜੂਨ (ਹਿੰ.ਸ.)। ਭੂਮੀਗਤ ਜਲ ਦੀ ਸੰਭਾਲ ਅਤੇ ਟਿਕਾਊ ਜਲ ਪ੍ਰਬੰਧਨ ਦੇ ਉਦੇਸ਼ ਨਾਲ ਟੀਅਰ-3 ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕੇਂਦਰੀ ਭੂਮੀਗਤ ਜਲ ਬੋਰਡ (ਸੀਜੀਡਬਲਯੂਬੀ), ਉੱਤਰ-ਪੱਛਮੀ ਖੇਤਰ, ਚੰਡੀਗੜ੍ਹ ਦੇ ਵਿਗਿਆਨੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਜ਼ਿਲ੍ਹੇ ਵਿੱਚ ਭੂਮੀਗਤ ਜਲ ਦੀ ਸੰਭਾਲ ਅਤੇ ਪ੍ਰਬੰਧਨ ਲਈ ਚਲ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਵੱਲੋਂ ਕੀਤੀ ਗਈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਜ਼ਮੀਨੀ ਪੱਧਰ 'ਤੇ ਵਿਗਿਆਨਕ ਪਹੁੰਚ ਨਾਲ ਭੂਮੀਗਤ ਜਲ ਦੀ ਸੰਭਾਲ ਅਤੇ ਬਿਹਤਰ ਜਲ ਪ੍ਰਬੰਧਨ ਨੂੰ ਉਤਸ਼ਾਹਿਤ ਕਰਨਾ ਸੀ।
ਇਸ ਮੌਕੇ ਕੇਂਦਰੀ ਭੂਮੀਗਤ ਜਲ ਬੋਰਡ ਤੋਂ ਆਏ ਵਿਗਿਆਨੀਆਂ ਨੇ ਭੂਮੀਗਤ ਜਲ ਪ੍ਰਬੰਧਨ ਸਬੰਧੀ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ। ਰਿਸ਼ੀ ਰਾਜ (ਵਿਗਿਆਨੀ-ਬੀ), ਵਿੱਦਿਆ ਸਾਗਰ (ਵਿਗਿਆਨੀ-ਬੀ) ਅਤੇ ਡਾ. ਸਵਿਤਾ ਸਿੰਘ (ਸਹਾਇਕ ਭੂ-ਭੌਤਿਕ ਵਿਗਿਆਨੀ) ਵੱਲੋਂ ਭੂਮੀਗਤ ਜਲ ਸਰੋਤਾਂ ਦੇ ਮੁਲਾਂਕਣ, ਗੁਣਵੱਤਾ ਅਤੇ ਸੰਭਾਲ ਸਬੰਧੀ ਵਿਸਤ੍ਰਿਤ ਪੇਸ਼ਕਾਰੀਆਂ ਦਿੱਤੀਆਂ ਗਈਆਂ। ਸਿਖਲਾਈ ਦੌਰਾਨ ਹਾਈਡ੍ਰੋਲੋਜੀਕਲ ਪਹਿਲੂਆਂ, ਭੂ-ਭੌਤਿਕ ਤਕਨੀਕਾਂ, ਸਰਵੇਖਣ ਦੇ ਨਤੀਜਿਆਂ, ਪਾਣੀ ਦੀ ਅੰਨ੍ਹੇਵਾਹ ਵਰਤੋਂ ਦੀ ਰੋਕਥਾਮ, ਮੀਂਹ ਦੇ ਪਾਣੀ ਦੀ ਸੰਭਾਲ, ਆਰਟੀਫੀਸ਼ੀਅਲ ਰੀਚਾਰਜ ਅਤੇ ਜਲ ਪ੍ਰਬੰਧਨ ਲਈ ਅਪਣਾਈਆਂ ਜਾਣ ਵਾਲੀਆਂ ਆਧੁਨਿਕ ਤਕਨੀਕਾਂ ਬਾਰੇ ਵਿਸਤਾਰ ਨਾਲ ਚਾਨਣਾ ਪਾਇਆ ਅਤੇ ਪ੍ਰਤੀਭਾਗੀਆਂ ਨੂੰ ਜਾਗਰੂਕ ਕੀਤਾ ਗਿਆ।
ਇਸ ਅਹਿਮ ਸਿਖਲਾਈ ਪ੍ਰੋਗਰਾਮ ਵਿੱਚ ਵੱਖ-ਵੱਖ ਵਿਭਾਗਾਂ ਦੇ ਮੁਖੀਆਂ, ਸਹਾਇਕਾਂ ਅਤੇ ਕਿਸਾਨਾਂ ਸਮੇਤ ਲਗਭਗ 80 ਪ੍ਰਤੀਭਾਗੀਆਂ ਨੇ ਭਾਗ ਲਿਆ। ਪ੍ਰੋਗਰਾਮ ਵਿੱਚ ਜ਼ਿਲ੍ਹਾ ਪ੍ਰੀਸ਼ਦ ਸੁਪਰਡੈਂਟ ਅਨੁਰਾਗ ਸ਼ਰਮਾ, ਜਗਤਾਰ ਮਿੱਤਲ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ। ਇਸ ਪ੍ਰੋਗਰਾਮ ਦੇ ਸਫ਼ਲ ਆਯੋਜਨ ਵਿੱਚ ਮਨਰੇਗਾ ਬਰਨਾਲਾ ਦੇ ਜ਼ਿਲ੍ਹਾ ਨੋਡਲ ਅਫ਼ਸਰ ਮਨਦੀਪ ਕੁਮਾਰ ਬਾਂਸਲ ਦਾ ਵਿਸ਼ੇਸ਼ ਯੋਗਦਾਨ ਰਿਹਾ। ਅੰਤ ਵਿੱਚ ਭੂਮੀਗਤ ਜਲ ਬਚਾਓ, ਭਵਿੱਖ ਸਵਾਰੋ-ਜਲ ਸੰਭਾਲ ਨਾਲ ਖੁਸ਼ਹਾਲੀ ਲਿਆਓ ਦੇ ਸੁਨੇਹੇ ਨਾਲ ਸਭ ਨੂੰ ਪਾਣੀ ਦੀ ਬੱਚਤ ਕਰਨ ਦਾ ਸੱਦਾ ਦਿੱਤਾ ਗਿਆ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ