ਜੈਵਿਕ ਖਾਦਾਂ ਅਤੇ ਆਧੁਨਿਕ ਖੇਤੀ ਤਕਨੀਕਾਂ ਅਪਣਾ ਕੇ ਵਧਾਈ ਜਾ ਸਕਦੀ ਹੈ ਆਮਦਨ : ਖੇਤੀ ਮਾਹਿਰ
ਬਠਿੰਡਾ, 26 ਜੂਨ (ਹਿੰ.ਸ.)। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵੱਲੋਂ ਬਲਾਕ ਮੌੜ ਦੇ ਪਿੰਡ ਰਾਏਖਾਨਾ ਵਿਖੇ ਖਮੀਰੀਕ੍ਰਿਤ ਜੈਵਿਕ ਖਾਦ ਸਬੰਧੀ ਵਿਸ਼ੇਸ਼ ਕਿਸਾਨ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਮਿੱਟੀ ਦੀ ਸਿਹਤ ਸੰਭਾਲ, ਰਸਾਇ
ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵੱਲੋਂ ਆਯੋਜਿਤ ਜਾਗਰੂਕਤਾ ਕੈਂਪ ਦੌਰਾਨ ਖੇਤੀ ਮਾਹਿਰ ਅਤੇ ਕਿਸਾਨ


ਬਠਿੰਡਾ, 26 ਜੂਨ (ਹਿੰ.ਸ.)। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵੱਲੋਂ ਬਲਾਕ ਮੌੜ ਦੇ ਪਿੰਡ ਰਾਏਖਾਨਾ ਵਿਖੇ ਖਮੀਰੀਕ੍ਰਿਤ ਜੈਵਿਕ ਖਾਦ ਸਬੰਧੀ ਵਿਸ਼ੇਸ਼ ਕਿਸਾਨ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਮਿੱਟੀ ਦੀ ਸਿਹਤ ਸੰਭਾਲ, ਰਸਾਇਣਿਕ ਖਾਦਾਂ ਦੀ ਸੰਤੁਲਿਤ ਵਰਤੋਂ, ਜੈਵਿਕ ਖੇਤੀ ਪ੍ਰਣਾਲੀਆਂ ਅਤੇ ਵਾਤਾਵਰਣ ਅਨੁਕੂਲ ਖੇਤੀ ਤਕਨੀਕਾਂ ਬਾਰੇ ਜਾਗਰੂਕ ਕਰਨਾ ਸੀ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕਰਕੇ ਮਾਹਿਰਾਂ ਤੋਂ ਵਿਗਿਆਨਕ ਜਾਣਕਾਰੀ ਪ੍ਰਾਪਤ ਕੀਤੀ।

ਡਾ. ਗੁਰਦੀਪ ਸਿੰਘ ਸਿੱਧੂ ਡਿਪਟੀ ਡਾਇਰੈਕਟਰ (ਸਿਖਲਾਈ) ਕੈਂਪ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਧਦੀ ਖੇਤੀ ਲਾਗਤ ਅਤੇ ਮਿੱਟੀ ਦੀ ਘਟਦੀ ਉਪਜਾਊ ਸ਼ਕਤੀ ਦੇ ਮੱਦੇਨਜ਼ਰ ਖਮੀਰੀਕ੍ਰਿਤ ਜੈਵਿਕ ਖਾਦਾਂ ਦੀ ਵਰਤੋਂ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਖਾਦਾਂ ਦੀ ਸੁਚੱਜੀ ਅਤੇ ਸੰਤੁਲਿਤ ਵਰਤੋਂ, ਹਰੀ ਖਾਦਾਂ ਦੇ ਮਹੱਤਵ, ਜੈਵਿਕ ਖਾਦਾਂ ਦੇ ਲਾਭ ਅਤੇ ਝੋਨੇ ਦੇ ਬੌਣੇ ਰੋਗ ਤੋਂ ਬਚਾਅ ਲਈ ਵਿਗਿਆਨਕ ਸਿਫ਼ਾਰਸ਼ਾਂ ਅਪਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਨਾ ਸਿਰਫ਼ ਫਸਲਾਂ ਦੀ ਪੈਦਾਵਾਰ ਅਤੇ ਆਮਦਨ ਵਿੱਚ ਵਾਧਾ ਹੋਵੇਗਾ, ਸਗੋਂ ਇਸ ਨਾਲ ਕੁਦਰਤੀ ਸਰੋਤਾਂ ਦੀ ਸੰਭਾਲ ਵੀ ਯਕੀਨੀ ਬਣੇਗੀ।

ਇਸ ਮੌਕੇ ਡਾ. ਤੇਜਬੀਰ ਸਿੰਘ ਬੁੱਟਰ ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਨੇ ਖਮੀਰੀਕ੍ਰਿਤ ਜੈਵਿਕ ਖਾਦ ਦੀ ਤਿਆਰੀ ਇਸ ਦੀ ਸਹੀ ਵਰਤੋਂ ਅਤੇ ਮਿੱਟੀ ਦੀ ਸਿਹਤ ਉੱਤੇ ਪੈਣ ਵਾਲੇ ਸਕਾਰਾਤਮਕ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਸਾਨਾਂ ਨੂੰ ਰੂੜੀ ਖਾਦ, ਮੁਰਗੀਆਂ ਦੀ ਖਾਦ, ਵਰਮੀ ਕੰਪੋਸਟ, ਜੈਵਿਕ ਖਾਦਾਂ ਅਤੇ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਵਾਹੁਣ ਵਰਗੀਆਂ ਤਕਨੀਕਾਂ ਅਪਣਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਇਹ ਉਪਰਾਲੇ ਰਸਾਇਣਿਕ ਖਾਦਾਂ ਉੱਤੇ ਨਿਰਭਰਤਾ ਘਟਾਉਣ ਦੇ ਨਾਲ-ਨਾਲ ਖੇਤੀ ਨੂੰ ਹੋਰ ਟਿਕਾਊ ਅਤੇ ਵਾਤਾਵਰਣ ਪੱਖੋਂ ਸੁਰੱਖਿਅਤ ਬਣਾਉਂਦੇ ਹਨ।

ਡਾ. ਰਮਨਦੀਪ ਕੌਰ ਸਹਾਇਕ ਪ੍ਰੋਫੈਸਰ (ਫੂਡ ਪ੍ਰੋਸੈਸਿੰਗ ਅਤੇ ਇੰਜੀਨੀਅਰਿੰਗ) ਨੇ ਕਿਸਾਨਾਂ ਨੂੰ ਫੂਡ ਪ੍ਰੋਸੈਸਿੰਗ ਰਾਹੀਂ ਫਸਲਾਂ ਦਾ ਮੁੱਲ ਵਧਾਉਣ, ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਤੇ ਕਟਾਈ ਉਪਰੰਤ ਅਨਾਜ ਦੀ ਵਿਗਿਆਨਕ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜੇ ਕਿਸਾਨ ਉਤਪਾਦਨ ਦੇ ਨਾਲ-ਨਾਲ ਪ੍ਰੋਸੈਸਿੰਗ ਅਤੇ ਸਹੀ ਸਟੋਰੇਜ ਨੂੰ ਵੀ ਅਪਣਾਉਣ, ਤਾਂ ਉਹ ਆਪਣੀ ਆਮਦਨ ਵਿੱਚ ਮਹੱਤਵਪੂਰਨ ਵਾਧਾ ਕਰ ਸਕਦੇ ਹਨ।

ਕੈਂਪ ਦੌਰਾਨ ਕਿਸਾਨਾਂ ਨੇ ਖੇਤੀ ਨਾਲ ਜੁੜੀਆਂ ਆਪਣੀਆਂ ਸਮੱਸਿਆਵਾਂ ਮਾਹਿਰਾਂ ਸਾਹਮਣੇ ਰੱਖੀਆਂ ਜਿਨ੍ਹਾਂ ਦੇ ਵਿਗਿਆਨਕ ਅਤੇ ਵਿਹਾਰਕ ਹੱਲ ਵੀ ਮੌਕੇ 'ਤੇ ਹੀ ਸੁਝਾਏ ਗਏ । ਕਿਸਾਨਾਂ ਨੇ ਇਸ ਜਾਗਰੂਕਤਾ ਕੈਂਪ ਨੂੰ ਬਹੁਤ ਲਾਹੇਵੰਦ ਦੱਸਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਵਿਗਿਆਨਕ ਸਿਖਲਾਈ ਕੈਂਪ ਨਿਯਮਿਤ ਤੌਰ 'ਤੇ ਆਯੋਜਿਤ ਕਰਨ ਦੀ ਮੰਗ ਕੀਤੀ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande