
ਜੰਡਿਆਲਾ ਗੁਰੂ/ਅੰਮ੍ਰਿਤਸਰ, 26 ਜੂਨ (ਹਿੰ.ਸ.)। ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਜੰਡਿਆਲਾ ਗੁਰੂ ਨਗਰ ਨੂੰ ਵੱਡਾ ਤੋਹਫ਼ਾ ਦਿੰਦਿਆਂ ਅੰਮ੍ਰਿਤ 2.0 ਯੋਜਨਾ ਅਧੀਨ ਜੰਡਿਆਲਾ ਗੁਰੂ ਵਿਖੇ ਨਹਿਰੀ ਪਾਣੀ ਆਧਾਰਿਤ ਪੀਣਯੋਗ ਪਾਣੀ ਸਪਲਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਪ੍ਰੋਜੈਕਟ ਤਹਿਤ 7 ਐਮ.ਐਲ.ਡੀ. (ਮਿਲੀਅਨ ਲੀਟਰ ਪ੍ਰਤੀ ਦਿਨ) ਸਮਰੱਥਾ ਵਾਲੇ ਆਧੁਨਿਕ ਵਾਟਰ ਟ੍ਰੀਟਮੈਂਟ ਪਲਾਂਟ ਦੀ ਉਸਾਰੀ ਕੀਤੀ ਜਾਵੇਗੀ, ਜਿਸ ਨਾਲ ਜੰਡਿਆਲਾ ਗੁਰੂ ਦੇ ਵਸਨੀਕਾਂ ਨੂੰ ਸ਼ੁੱਧ ਅਤੇ ਨਿਰੰਤਰ ਪੀਣਯੋਗ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ।
ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਉਪਰੰਤ ਲੋਕ ਨਿਰਮਾਣ ਮੰਤਰੀ ਹਰਭਜਨ ਈਟੀਓ ਨੇ ਕਿਹਾ ਕਿ 17.19 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਨੂੰ ਮੌਜੂਦਾ ਲਗਭਗ 35,000 ਦੀ ਆਬਾਦੀ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਸਾਲ 2040 ਤੱਕ ਦੀ ਭਵਿੱਖੀ ਲੋੜ ਨੂੰ ਪੂਰਾ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ। ਇਸ ਤਹਿਤ 7 ਐਮ.ਐਲ.ਡੀ. ਵਾਟਰ ਟ੍ਰੀਟਮੈਂਟ ਪਲਾਂਟ ਦੀ ਉਸਾਰੀ ਦੇ ਨਾਲ-ਨਾਲ 350 ਮਿ.ਮੀ. ਡਾਇਆ ਡੀ.ਆਈ. ਕੇ-7 ਰਾਅ ਵਾਟਰ ਟ੍ਰਾਂਸਮਿਸ਼ਨ ਪਾਈਪਲਾਈਨ ਦੇ 2,820 ਮੀਟਰ ਅਤੇ 300 ਮਿ.ਮੀ. ਡਾਇਆ ਡੀ.ਆਈ. ਕੇ-7 ਕਲੀਅਰ ਵਾਟਰ ਟ੍ਰਾਂਸਮਿਸ਼ਨ ਪਾਈਪਲਾਈਨ ਦੇ 750 ਮੀਟਰ ਵਿਛਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਦੀ ਡਿਜ਼ਾਇਨਿੰਗ, ਉਸਾਰੀ, ਸਪਲਾਈ, ਇੰਸਟਾਲੇਸ਼ਨ, ਟੈਸਟਿੰਗ ਅਤੇ ਕਮਿਸ਼ਨਿੰਗ ਦੇ ਨਾਲ-ਨਾਲ ਪ੍ਰੋਜੈਕਟ ਦੇ ਚਾਲੂ ਹੋਣ ਉਪਰੰਤ 5 ਸਾਲਾਂ ਲਈ ਸੰਚਾਲਨ ਅਤੇ ਰੱਖ-ਰਖਾਅ (ਓਪਰੇਸ਼ਨ ਐਂਡ ਮੈਂਟੀਨੈਂਸ) ਦੀ ਵਿਵਸਥਾ ਵੀ ਸ਼ਾਮਲ ਹੈ।
ਇਸ ਤੋਂ ਇਲਾਵਾ ਪ੍ਰੋਜੈਕਟ ਅਧੀਨ ਇੰਟੇਕ ਵਰਕਸ, ਰਾਅ ਵਾਟਰ ਅਤੇ ਕਲੀਅਰ ਵਾਟਰ ਟ੍ਰਾਂਸਮਿਸ਼ਨ ਸਿਸਟਮ, ਸਟੋਰੇਜ ਰਿਜ਼ਰਵਾਇਰ, ਪੰਪਿੰਗ ਸਟੇਸ਼ਨ, ਕਲੋਰੀਨੇਸ਼ਨ ਅਤੇ ਵਾਟਰ ਟ੍ਰੀਟਮੈਂਟ ਸਿਸਟਮ, ਮਕੈਨਿਕਲ ਕਾਰਜ, ਬਿਜਲੀ, ਇੰਸਟਰੂਮੈਂਟੇਸ਼ਨ ਅਤੇ ਐੱਸ.ਸੀ.ਏ.ਡੀ.ਏ. ਸਿਸਟਮਾਂ ਦੀ ਸਥਾਪਨਾ ਵੀ ਕੀਤੀ ਜਾਵੇਗੀ, ਜਿਸ ਨਾਲ ਪੂਰੀ ਪਾਣੀ ਸਪਲਾਈ ਪ੍ਰਣਾਲੀ ਨੂੰ ਆਧੁਨਿਕ ਅਤੇ ਤਕਨੀਕੀ ਤੌਰ `ਤੇ ਹੋਰ ਮਜ਼ਬੂਤ ਬਣਾਇਆ ਜਾਵੇਗਾ।
ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਕੰਮ ਐੱਮ/ਐੱਸ ਏ.ਜੀ.ਸੀ. (ਜੇ.ਵੀ.) ਵੱਲੋਂ ਕੀਤਾ ਜਾਵੇਗਾ। 17.19 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਨੂੰ 18 ਮਹੀਨਿਆਂ ਵਿੱਚ ਮੁਕੰਮਲ ਕੀਤਾ ਜਾਵੇਗਾ, ਜਦਕਿ ਇਸ ਦੇ ਸੰਚਾਲਨ ਅਤੇ ਰੱਖ-ਰਖਾਅ ਦੀ ਜ਼ਿੰਮੇਵਾਰੀ ਏਜੰਸੀ ਵੱਲੋਂ 5 ਸਾਲਾਂ ਤੱਕ ਨਿਭਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਜੰਡਿਆਲਾ ਗੁਰੂ ਦੇ ਵਸਨੀਕਾਂ ਨੂੰ ਲੰਬੇ ਸਮੇਂ ਲਈ ਸ਼ੁੱਧ ਪੀਣਯੋਗ ਪਾਣੀ ਦੀ ਭਰੋਸੇਯੋਗ ਸਪਲਾਈ ਮਿਲੇਗੀ ਅਤੇ ਸ਼ਹਿਰ ਦੀ ਪਾਣੀ ਸਪਲਾਈ ਪ੍ਰਣਾਲੀ ਹੋਰ ਮਜ਼ਬੂਤ, ਆਧੁਨਿਕ ਅਤੇ ਟਿਕਾਊ ਬਣੇਗੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ