ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ “ਨਿੱਕੇ ਕਦਮ, ਵੱਡਾ ਵਿਕਾਸ” ਮੁਹਿੰਮ ਦੀ ਸ਼ੁਰੂਆਤ
ਚੰਡੀਗੜ੍ਹ, 26 ਜੂਨ (ਹਿੰ.ਸ.)| ਪੰਜਾਬ ਸਰਕਾਰ ਨੇ ਸੂਬੇ ਦੇ ਬੱਚਿਆਂ ਦੇ ਸਿਹਤਮੰਦ ਅਤੇ ਸੁਨਹਿਰੀ ਭਵਿੱਖ ਨੂੰ ਯਕੀਨੀ ਬਣਾਉਣ ਲਈ ਇੱਕ ਅਹਿਮ ਕਦਮ ਚੁੱਕਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ “ਪੰਜਾਬ ਬਾਲ ਵਿਕਾਸ ਸੰਮੇਲਨ 2026” ਤਹਿਤ “ਨਿੱਕੇ ਕਦਮ, ਵੱਡਾ ਵਿਕਾਸ” ਮੁਹਿੰਮ ਦੀ ਸ਼ੁਰੂ
ਮੁਹਿੰਮ ਦੀ ਸ਼ੁਰੂਆਤ ਮੌਕੇ ਮੰਤਰੀ ਡਾ. ਬਲਜੀਤ ਕੌਰ ਤੇ ਹੋਰ।


ਚੰਡੀਗੜ੍ਹ, 26 ਜੂਨ (ਹਿੰ.ਸ.)| ਪੰਜਾਬ ਸਰਕਾਰ ਨੇ ਸੂਬੇ ਦੇ ਬੱਚਿਆਂ ਦੇ ਸਿਹਤਮੰਦ ਅਤੇ ਸੁਨਹਿਰੀ ਭਵਿੱਖ ਨੂੰ ਯਕੀਨੀ ਬਣਾਉਣ ਲਈ ਇੱਕ ਅਹਿਮ ਕਦਮ ਚੁੱਕਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ “ਪੰਜਾਬ ਬਾਲ ਵਿਕਾਸ ਸੰਮੇਲਨ 2026” ਤਹਿਤ “ਨਿੱਕੇ ਕਦਮ, ਵੱਡਾ ਵਿਕਾਸ” ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਪਹਿਲ ਦਾ ਮਕਸਦ ਜਨਮ ਤੋਂ ਛੇ ਸਾਲ ਤੱਕ ਦੇ ਬੱਚਿਆਂ ਦੇ ਸਰੀਰਕ, ਮਾਨਸਿਕ, ਬੋਧਿਕ ਅਤੇ ਭਾਵਨਾਤਮਕ ਵਿਕਾਸ ਨੂੰ ਮਜ਼ਬੂਤ ਕਰਨਾ ਹੈ।

ਚੰਡੀਗੜ੍ਹ ਵਿੱਚ ਕਰਵਾਏ ਵਿਸ਼ੇਸ਼ ਕਨਕਲੇਵ ਦੌਰਾਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਹਰ ਬੱਚੇ ਨੂੰ ਸੁਰੱਖਿਅਤ, ਸਿਹਤਮੰਦ ਅਤੇ ਖੁਸ਼ਹਾਲ ਬਚਪਨ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਜੀਵਨ ਦੇ ਪਹਿਲੇ 1000 ਦਿਨ ਸਭ ਤੋਂ ਮਹੱਤਵਪੂਰਨ ਹੁੰਦੇ ਹਨ ਅਤੇ ਇਸ ਸਮੇਂ ਦੌਰਾਨ ਸਹੀ ਪੋਸ਼ਣ, ਪਿਆਰ, ਖੇਡਾਂ ਅਤੇ ਸਹੀ ਦੇਖਭਾਲ ਉਨ੍ਹਾਂ ਦੇ ਭਵਿੱਖ ਦੀ ਮਜ਼ਬੂਤ ਨੀਂਹ ਰੱਖਦੀ ਹੈ।

ਮੰਤਰੀ ਨੇ ਐਲਾਨ ਕੀਤਾ ਕਿ ਹੁਣ ਜਨਮ ਤੋਂ ਤਿੰਨ ਸਾਲ ਤੱਕ ਦੇ ਹਰ ਬੱਚੇ ਲਈ ਇੱਕ ਵਿਸ਼ੇਸ਼ ਰਿਪੋਰਟ ਕਾਰਡ ਤਿਆਰ ਕੀਤਾ ਜਾਵੇਗਾ। ਇਸ ਰਾਹੀਂ ਬੱਚੇ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਦੀ ਨਿਯਮਿਤ ਨਿਗਰਾਨੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮਾਪਿਆਂ ਨੂੰ ਤਸਵੀਰਾਂ ਵਾਲੀ ਵਿਸ਼ੇਸ਼ ਕਿਤਾਬ ਵੀ ਦਿੱਤੀ ਜਾਵੇਗੀ, ਜਿਸ ਰਾਹੀਂ ਉਨ੍ਹਾਂ ਨੂੰ ਉਮਰ ਅਨੁਸਾਰ ਬੱਚਿਆਂ ਨਾਲ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਮਿਲੇਗੀ।

ਉਨ੍ਹਾਂ ਦੱਸਿਆ ਕਿ ‘ਨਿੱਕੇ ਕਦਮ’ ਤਹਿਤ ਆਂਗਣਵਾੜੀ ਵਰਕਰ ਹਰ ਮਹੀਨੇ ਘਰ-ਘਰ ਜਾ ਕੇ ਬੱਚਿਆਂ ਦੇ ਵਿਕਾਸ ਦਾ ਜਾਇਜ਼ਾ ਲੈਣਗੇ ਅਤੇ ਮਾਪਿਆਂ ਨੂੰ ਪੋਸ਼ਣ, ਖੇਡ-ਅਧਾਰਿਤ ਸਿੱਖਿਆ ਅਤੇ ਸੰਭਾਲ ਸਬੰਧੀ ਮਾਰਗਦਰਸ਼ਨ ਦੇਣਗੇ। ਇਸ ਦੇ ਨਾਲ ਬੱਚਿਆਂ ਦੇ ਭਾਰ, ਕੱਦ ਅਤੇ ਪੋਸ਼ਣ ਦੀ ਨਿਗਰਾਨੀ ਕਰਕੇ ਕੁਪੋਸ਼ਣ ਦੀ ਸਮੇਂ ਸਿਰ ਪਛਾਣ ਅਤੇ ਇਲਾਜ ਯਕੀਨੀ ਬਣਾਇਆ ਜਾਵੇਗਾ।

ਡਾ. ਬਲਜੀਤ ਕੌਰ ਨੇ ਕਿਹਾ ਕਿ ਛੇ ਮਹੀਨੇ ਤੱਕ ਸਿਰਫ਼ ਮਾਂ ਦਾ ਦੁੱਧ ਹੀ ਬੱਚੇ ਲਈ ਸੰਪੂਰਨ ਆਹਾਰ ਹੈ, ਜਦਕਿ ਇਸ ਤੋਂ ਬਾਅਦ ਪੌਸ਼ਟਿਕ ਘਰੇਲੂ ਭੋਜਨ ਸ਼ੁਰੂ ਕਰਨਾ ਚਾਹੀਦਾ ਹੈ। ਉਨ੍ਹਾਂ ਬੱਚਿਆਂ ਨੂੰ ਰੋਜ਼ਾਨਾ ਵੱਖ-ਵੱਖ ਭੋਜਨ ਸਮੂਹਾਂ ਵਿੱਚੋਂ ਸੰਤੁਲਿਤ ਖੁਰਾਕ ਦੇਣ 'ਤੇ ਵੀ ਜ਼ੋਰ ਦਿੱਤਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande