
ਖਡੂਰ ਸਾਹਿਬ, 27 ਜੂਨ (ਹਿੰ.ਸ.)। ਭਾਰਤ ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਗਹਿਰੀ ਸੁਧਾਈ ਮੁਹਿੰਮ ਤਹਿਤ ਬੀਐਲਓਜ਼ ਵੱਲੋਂ ਘਰ-ਘਰ ਜਾ ਕੇ ਯੋਗ ਵੋਟਰਾਂ ਨੂੰ ਗਣਨਾ ਫਾਰਮ ਵੰਡਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਵੋਟਰ ਸੂਚੀ ਨੂੰ ਹੋਰ ਸ਼ੁੱਧ, ਸਹੀ ਅਤੇ ਅਪਡੇਟ ਬਣਾਉਣਾ ਹੈ, ਤਾਂ ਜੋ ਕੋਈ ਵੀ ਯੋਗ ਵੋਟਰ ਆਪਣੇ ਮਤ ਅਧਿਕਾਰ ਤੋਂ ਵਾਂਝਾ ਨਾ ਰਹੇ।
ਇਸ ਮੁਹਿੰਮ ਦੌਰਾਨ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, ਖਡੂਰ ਸਾਹਿਬ, ਸੰਜੀਵ ਸ਼ਰਮਾ ਅਤੇ ਨੋਡਲ ਇੰਚਾਰਜ (ਐਸ.ਆਈ.ਆਰ.) ਡਾ. ਯਾਦਵਿੰਦਰ ਸਿੰਘ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਬੀਐਲਓਜ਼ ਦੇ ਕੰਮ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਨੇ ਘਰ-ਘਰ ਚੱਲ ਰਹੀ ਗਣਨਾ ਫਾਰਮ ਵੰਡ ਮੁਹਿੰਮ ਦੀ ਨਿਗਰਾਨੀ ਕਰਦਿਆਂ ਬੀਐਲਓਜ਼ ਨੂੰ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੂਰੀ ਲਗਨ ਅਤੇ ਪਾਰਦਰਸ਼ਤਾ ਨਾਲ ਆਪਣੀਆਂ ਡਿਊਟੀਆਂ ਨਿਭਾਉਣ ਲਈ ਪ੍ਰੇਰਿਤ ਕੀਤਾ।
ਸੰਜੀਵ ਸ਼ਰਮਾ ਨੇ ਕਿਹਾ ਕਿ ਹਰੇਕ ਯੋਗ ਵੋਟਰ ਤੱਕ ਗਣਨਾ ਫਾਰਮ ਪਹੁੰਚਾਉਣਾ ਅਤੇ ਸਮੇਂ ਸਿਰ ਭਰੇ ਹੋਏ ਫਾਰਮ ਪ੍ਰਾਪਤ ਕਰਨਾ ਇਸ ਮੁਹਿੰਮ ਦੀ ਸਫ਼ਲਤਾ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬੀਐਲਓਜ਼ ਨਾਲ ਪੂਰਾ ਸਹਿਯੋਗ ਕਰਨ ਅਤੇ ਲੋੜੀਂਦੀ ਜਾਣਕਾਰੀ ਸਹੀ ਢੰਗ ਨਾਲ ਮੁਹੱਈਆ ਕਰਵਾਉਣ। ਡਾ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਬੀਐਲਓਜ਼ ਵੱਲੋਂ ਘਰ-ਘਰ ਜਾ ਕੇ ਵੋਟਰਾਂ ਨੂੰ ਗਣਨਾ ਫਾਰਮ ਵੰਡੇ ਜਾ ਰਹੇ ਹਨ ਅਤੇ ਫਾਰਮ ਭਰਨ ਸਬੰਧੀ ਲੋੜੀਂਦੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਗਹਿਰੀ ਸੁਧਾਈ ਮੁਹਿੰਮ ਰਾਹੀਂ ਵੋਟਰ ਸੂਚੀ ਨੂੰ ਹੋਰ ਭਰੋਸੇਯੋਗ ਅਤੇ ਸਹੀ ਬਣਾਇਆ ਜਾਵੇਗਾ। ਇਸ ਮੌਕੇ ਬੀਐਲਓਜ਼ ਅਤੇ ਹੋਰ ਚੋਣ ਅਮਲੇ ਨੇ ਵੀ ਹਾਜ਼ਰੀ ਲਗਾਈ ਅਤੇ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ