
ਕਪੂਰਥਲਾ, 27 ਜੂਨ (ਹਿੰ.ਸ.)। ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਵੱਲੋਂ ਜ਼ਿਲ੍ਹੇ ਦੇ ਬੈਂਕਾਂ ਅਤੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਇੱਕ ਅਹਿਮ ਸਮੀਖਿਆ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਮਾਰਚ 2026 ਨੂੰ ਖਤਮ ਹੋਈ ਤਿਮਾਹੀ ਤੱਕ ਜ਼ਿਲ੍ਹੇ ਦੇ ਬੈਂਕਾਂ ਦੇ ਕੰਮਕਾਜ ਦਾ ਜਾਇਜ਼ਾ ਲਿਆ। ਸਾਲਾਨਾ ਕਰਜ਼ਾ ਯੋਜਨਾ 2025-26 ਤਹਿਤ, ਬੈਂਕਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਾ ਸਿਰਫ਼ ਆਪਣੇ ਟੀਚੇ ਪੂਰੇ ਕੀਤੇ, ਸਗੋਂ 113.04 ਫੀਸਦੀ ਦੀ ਦਰ ਨਾਲ ਟੀਚਿਆਂ ਤੋਂ ਵੀ ਵੱਧ ਕਰਜ਼ੇ ਵੰਡੇ। ਉਨ੍ਹਾਂ ਨੇ ਇਸ ਵੱਡੀ ਪ੍ਰਾਪਤੀ ਲਈ ਬੈਂਕਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਚਾਲੂ ਸਾਲ ਦੌਰਾਨ ਵੀ ਇਸੇ ਤਰ੍ਹਾਂ ਦੀ ਵਧੀਆ ਕਾਰਗੁਜ਼ਾਰੀ ਬਣਾਈ ਰੱਖਣ ਲਈ ਉਤਸ਼ਾਹਿਤ ਕੀਤਾ।ਉਨ੍ਹਾਂ ਨੇ ਬੈਂਕ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਭੇਜੀਆਂ ਗਈਆਂ ਲੋਨ ਅਰਜ਼ੀਆਂ ਦਾ ਨਿਪਟਾਰਾ ਭਾਰਤੀ ਰਿਜ਼ਰਵ ਬੈਂਕ ਵੱਲੋਂ ਤੈਅ ਕੀਤੀ ਸਮਾਂ-ਸੀਮਾ ਦੇ ਅੰਦਰ-ਅੰਦਰ ਯਕੀਨੀ ਬਣਾਇਆ ਜਾਵੇ। ਇਸ ਨਾਲ ਬੈਂਕਾਂ ਨੂੰ ਆਪਣੇ ਕਰਜ਼ਾ ਦੇਣ ਦੇ ਟੀਚੇ ਪੂਰੇ ਕਰਨ ਵਿੱਚ ਮਦਦ ਮਿਲੇਗੀ ਅਤੇ ਲਾਭਪਾਤਰੀਆਂ ਨੂੰ ਵੀ ਆਪਣਾ ਨਵਾਂ ਕਾਰੋਬਾਰ ਸ਼ੁਰੂ ਕਰਨ ਜਾਂ ਵਧਾਉਣ ਲਈ ਸਮੇਂ ਸਿਰ ਪੈਸਾ ਮਿਲ ਸਕੇਗਾ।ਇਸ ਦੇ ਨਾਲ ਹੀ ਉਨ੍ਹਾਂ ਨੇ ਬੈਂਕਾਂ ਨੂੰ ਗਾਹਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਸਮੇਂ ਸਿਰ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਲੋਕਾਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਵਧੀਆ ਬੈਂਕਿੰਗ ਸੇਵਾਵਾਂ ਮਿਲਦੀਆਂ ਰਹਿਣ।ਇਸ ਮੌਕੇ ਮੁੱਖ ਤੌਰ 'ਤੇ ਲੀਡ ਡਿਸਟ੍ਰਿਕਟ ਮੈਨੇਜਰ ਕੰਵਲਜੀਤ ਸਿੰਘ, ਨਾਬਾਰਡ ਦੇ ਡੀਡੀਐਮ ਜਗਮਿੰਦਰ ਸਿੰਘ ਬਿੰਦਰਾ, ਆਰਬੀਆਈ ਦੇ ਐਲਡੀਓ ਦਿਵਿਆਂਸ਼ੂ, ਆਰਸੇਟੀ ਦੀ ਡਾਇਰੈਕਟਰ ਸੋਨੀਆ ਮੱਕੜ, ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਅਤੇ ਸਾਰੇ ਬੈਂਕਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ