ਲੁਧਿਆਣਾ ਦੇ ਕਾਂਗਰਸੀ ਕੌਂਸਲਰ ਗੁਰਮੀਤ ਸਿੰਘ ਵਾਸੀ ਮੁੰਡੀਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ
ਲੁਧਿਆਣਾ, 10 ਜੁਲਾਈ (ਹਿੰ.ਸ.)| ਲੁਧਿਆਣਾ ਦੇ ਮੌਜੂਦਾ ਕਾਂਗਰਸੀ ਕੌਂਸਲਰ ਗੁਰਮੀਤ ਸਿੰਘ ਵਾਸੀ ਮੁੰਡੀਆਂ ਕਲਾਂ ਖ਼ਿਲਾਫ਼ ਪਲਾਟ ਵੇਚਣ ਦੇ ਨਾਂ ''ਤੇ ਧੋਖਾਧੜੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤ ਮੋਤੀ ਲਾਲ ਦੀ ਸ਼ਿਕਾਇਤ ''ਤੇ ਜਮਾਲਪੁਰ ਥਾਣਾ ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (ਬੀਐਨਐਸ)
ਕਾਂਗਰਸੀ ਕੌਂਸਲਰ ਗੁਰਮੀਤ ਸਿੰਘ ਵਾਸੀ ਮੁੰਡੀਆਂ ਕਲਾਂ


ਲੁਧਿਆਣਾ, 10 ਜੁਲਾਈ (ਹਿੰ.ਸ.)| ਲੁਧਿਆਣਾ ਦੇ ਮੌਜੂਦਾ ਕਾਂਗਰਸੀ ਕੌਂਸਲਰ ਗੁਰਮੀਤ ਸਿੰਘ ਵਾਸੀ ਮੁੰਡੀਆਂ ਕਲਾਂ ਖ਼ਿਲਾਫ਼ ਪਲਾਟ ਵੇਚਣ ਦੇ ਨਾਂ 'ਤੇ ਧੋਖਾਧੜੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤ ਮੋਤੀ ਲਾਲ ਦੀ ਸ਼ਿਕਾਇਤ 'ਤੇ ਜਮਾਲਪੁਰ ਥਾਣਾ ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 420 ਅਤੇ ਰਜਿਸਟ੍ਰੇਸ਼ਨ ਐਕਟ-1908 ਦੀ ਧਾਰਾ 82 ਤਹਿਤ ਐਫਆਈਆਰ ਦਰਜ ਕੀਤੀ ਹੈ।

ਪੀੜਤ ਮੋਤੀ ਲਾਲ ਨੇ ਪੁਲਿਸ ਨੂੰ ਦੱਸਿਆ ਕਿ ਉਹ ਪਲਾਟ ਖਰੀਦਣਾ ਚਾਹੁੰਦਾ ਸੀ। ਆਪਣੇ ਚਾਚਾ ਕਿਸ਼ਨ ਪਾਲ ਰਾਹੀਂ ਉਸ ਦੀ ਮੁਲਾਕਾਤ ਗੁਰਮੀਤ ਸਿੰਘ ਨਾਲ ਹੋਈ, ਕਿਉਂਕਿ ਚਾਚਾ ਪਹਿਲਾਂ ਵੀ ਉਸ ਦੇ ਤਾਜਪੁਰ ਰੋਡ ਸਥਿਤ ਦਫ਼ਤਰ ਰਾਹੀਂ ਪਲਾਟ ਖਰੀਦ ਚੁੱਕੇ ਸਨ। ਗੁਰਮੀਤ ਸਿੰਘ ਨੇ ਤਾਜਪੁਰ ਰੋਡ ਸਥਿਤ ਇੱਕ ਕਾਲੋਨੀ ਵਿੱਚ 70 ਵਰਗ ਗਜ਼ ਦਾ ਪਲਾਟ (ਨੰਬਰ-224) ਵਿਖਾਇਆ, ਜਿਸ ਦਾ 5 ਫਰਵਰੀ 2023 ਨੂੰ 6,400 ਰੁਪਏ ਪ੍ਰਤੀ ਵਰਗ ਗਜ਼ ਦੇ ਹਿਸਾਬ ਨਾਲ 4 ਲੱਖ 48 ਹਜ਼ਾਰ ਰੁਪਏ ਵਿੱਚ ਸੌਦਾ ਤੈਅ ਹੋਇਆ।

ਸ਼ਿਕਾਇਤ ਅਨੁਸਾਰ ਮੋਤੀ ਲਾਲ ਨੇ ਇੱਕ ਲੱਖ ਰੁਪਏ ਬਿਆਨੇ ਵਜੋਂ ਅਦਾ ਕੀਤੇ, ਜਦਕਿ ਬਾਕੀ ਰਕਮ 30 ਮਹੀਨਾਵਾਰ ਕਿਸ਼ਤਾਂ ਵਿੱਚ ਦੇਣੀ ਸੀ। ਰਜਿਸਟਰੀ ਲਈ 5 ਅਗਸਤ 2025 ਦੀ ਤਾਰੀਖ਼ ਤੈਅ ਕੀਤੀ ਗਈ ਸੀ। ਪੀੜਤ ਦਾ ਦੋਸ਼ ਹੈ ਕਿ ਉਹ ਵੱਖ-ਵੱਖ ਸਮਿਆਂ 'ਤੇ ਕੁੱਲ 2 ਲੱਖ 27 ਹਜ਼ਾਰ 600 ਰੁਪਏ ਦੇ ਚੁੱਕਾ ਸੀ। ਸਾਲ 2024 ਵਿੱਚ ਬਾਕੀ ਰਕਮ ਦਾ ਪ੍ਰਬੰਧ ਕਰਨ ਤੋਂ ਬਾਅਦ ਵੀ ਜਦੋਂ ਉਸ ਨੇ ਰਜਿਸਟਰੀ ਕਰਵਾਉਣ ਲਈ ਕਿਹਾ ਤਾਂ ਮੁਲਜ਼ਮ ਟਾਲਮਟੋਲ ਕਰਦਾ ਰਿਹਾ।

ਪੀੜਤ ਵੱਲੋਂ ਕਰਵਾਈ ਗਈ ਜਾਂਚ ਵਿੱਚ ਪਤਾ ਲੱਗਾ ਕਿ ਗੁਰਮੀਤ ਸਿੰਘ ਉਸ ਜ਼ਮੀਨ ਦਾ ਅਸਲ ਮਾਲਕ ਹੀ ਨਹੀਂ ਸੀ। ਜ਼ਮੀਨ ਦੇ ਅਸਲ ਮਾਲਕ ਇੰਦਰਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਸੁਖਜਿੰਦਰ ਕੌਰ ਹਨ। ਜਾਂਚ ਮੁਤਾਬਕ ਗੁਰਮੀਤ ਸਿੰਘ ਦਾ ਅਸਲ ਮਾਲਕਾਂ ਨਾਲ ਪਹਿਲਾਂ ਸੌਦਾ ਹੋਇਆ ਸੀ, ਪਰ ਸ਼ਰਤਾਂ ਪੂਰੀਆਂ ਨਾ ਹੋਣ ਅਤੇ ਭੁਗਤਾਨ ਨਾ ਕਰਨ ਕਾਰਨ ਰਜਿਸਟਰੀ ਨਹੀਂ ਹੋ ਸਕੀ। ਇਸ ਦੇ ਬਾਵਜੂਦ ਉਸ ਨੇ ਆਪਣੇ ਆਪ ਨੂੰ ਮਾਲਕ ਦੱਸ ਕੇ ਪਲਾਟ ਦਾ ਸੌਦਾ ਕੀਤਾ। ਮੋਤੀ ਲਾਲ ਦਾ ਦੋਸ਼ ਹੈ ਕਿ ਜਦੋਂ ਉਸ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਗੁਰਮੀਤ ਸਿੰਘ ਨੇ ਗਾਲੀ-ਗਲੌਚ ਕੀਤੀ ਅਤੇ ਆਪਣੀ ਪਹੁੰਚ ਦਾ ਰੌਬ ਦਿਖਾਉਂਦੇ ਹੋਏ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਵੀ ਦਿੱਤੀ।

ਮਾਮਲੇ ਦੀ ਜਾਂਚ ਏਡੀਸੀਪੀ (ਜ਼ੋਨ-4) ਜਸ਼ਨਦੀਪ ਸਿੰਘ ਗਿੱਲ ਵੱਲੋਂ ਕੀਤੀ ਗਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਗੁਰਮੀਤ ਸਿੰਘ ਨੂੰ ਇਹ ਪੂਰੀ ਜਾਣਕਾਰੀ ਸੀ ਕਿ ਉਸ ਕੋਲ ਜ਼ਮੀਨ ਦੀ ਰਜਿਸਟਰੀ ਕਰਵਾਉਣ ਦਾ ਕੋਈ ਅਧਿਕਾਰ ਨਹੀਂ ਹੈ, ਫਿਰ ਵੀ ਉਸ ਨੇ ਕਥਿਤ ਤੌਰ 'ਤੇ 2 ਲੱਖ 27 ਹਜ਼ਾਰ 600 ਰੁਪਏ ਲੈ ਕੇ ਧੋਖਾਧੜੀ ਕੀਤੀ। ਜਾਂਚ ਰਿਪੋਰਟ ਦੇ ਆਧਾਰ 'ਤੇ ਥਾਣਾ ਜਮਾਲਪੁਰ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਏਐਸਆਈ ਅਨਿਲ ਕੁਮਾਰ ਵੱਲੋਂ ਕੀਤੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande