
ਫ਼ਰੀਦਕੋਟ, 10 ਜੁਲਾਈ (ਹਿੰ.ਸ.)| ਭਾਰਤੀ ਚੋਣ ਕਮਿਸ਼ਨ ਵੱਲੋਂ ਚਲਾਈ ਗਈ ਸਪੈਸ਼ਲ ਇੰਟੈਂਸਿਵ ਰੀਵਿਜ਼ਨ ਮੁਹਿੰਮ ਨੂੰ ਸਮੇਂ ਤੋਂ ਪਹਿਲਾਂ ਸਫ਼ਲਤਾਪੂਰਵਕ ਮੁਕੰਮਲ ਕਰਨ ਵਾਲੇ ਜ਼ਿਲ੍ਹਾ ਫ਼ਰੀਦਕੋਟ ਦੇ ਦੋ ਬੂਥ ਲੈਵਲ ਅਫ਼ਸਰਾਂ (ਬੀ.ਐੱਲ.ਓਜ਼.) ਨੂੰ ਅੱਜ ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ੍ਹ ਵੱਲੋਂ ਜਾਰੀ ਪ੍ਰਸ਼ੰਸਾ ਪੱਤਰ ਜ਼ਿਲ੍ਹਾ ਚੋਣ ਅਫ਼ਸਰ ਰਾਹੁਲ ਚਾਬਾ ਨੇ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕੇਸ਼ਵ ਗੋਇਲ ਅਤੇ ਚੋਣ ਤਹਿਸੀਲਦਾਰ ਪੂਨਮ ਸਿੱਧੂ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਸਨਮਾਨਿਤ ਹੋਣ ਵਾਲਿਆਂ ਵਿੱਚ ਵਿਧਾਨ ਸਭਾ ਹਲਕਾ 88-ਕੋਟਕਪੂਰਾ ਦੇ ਬੂਥ ਨੰਬਰ-28, ਸਰਕਾਰੀ ਪ੍ਰਾਇਮਰੀ ਸਕੂਲ ਬੀੜ ਸਿੱਖਾਂ ਵਾਲਾ ਦੇ ਬੀ.ਐੱਲ.ਓ. ਜਗਮੋਹਨ ਸਿੰਘ (ਈ.ਟੀ.ਟੀ. ਅਧਿਆਪਕ) ਅਤੇ ਵਿਧਾਨ ਸਭਾ ਹਲਕਾ 89-ਜੈਤੋਂ (ਅ.ਜ.) ਦੇ ਬੂਥ ਨੰਬਰ-154, ਸਰਕਾਰੀ ਐਲੀਮੈਂਟਰੀ ਸਕੂਲ ਵਾੜਾ ਭਾਈ ਕਾ ਦੇ ਬੀ.ਐੱਲ.ਓ. ਰਾਜਿੰਦਰ ਕੁਮਾਰ (ਈ.ਟੀ.ਟੀ. ਅਧਿਆਪਕ) ਸ਼ਾਮਲ ਹਨ।ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਰਾਹੁਲ ਚਾਬਾ ਨੇ ਦੋਵਾਂ ਬੀ.ਐੱਲ.ਓਜ਼ ਦੀ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਹਾਸਲ ਕੀਤੀ। ਜਗਮੋਹਨ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਅੱਠ ਸਾਲਾਂ ਤੋਂ ਬੀ.ਐੱਲ.ਓ. ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਵੱਲੋਂ ਪ੍ਰੀ-ਐੱਸ.ਆਈ.ਆਰ. ਦੌਰਾਨ ਹੀ ਵੋਟਰਾਂ ਦੇ ਦਸਤਾਵੇਜ਼ ਅਤੇ ਫੋਟੋਆਂ ਇਕੱਠੀਆਂ ਕਰ ਲਈਆਂ ਗਈਆਂ ਸਨ। ਇਸ ਤੋਂ ਇਲਾਵਾ ਵੋਟਰਾਂ ਨਾਲ ਸੰਪਰਕ ਬਣਾਈ ਰੱਖਣ ਲਈ ਵਟਸਐਪ ਗਰੁੱਪ ਬਣਾਏ ਗਏ, ਜਿਨ੍ਹਾਂ ਰਾਹੀਂ ਲਗਾਤਾਰ ਜਾਣਕਾਰੀ ਸਾਂਝੀ ਕੀਤੀ ਗਈ। ਇਸ ਯੋਜਨਾਬੱਧ ਕਾਰਜਸ਼ੈਲੀ ਸਦਕਾ ਇਨਿਊਮਰੇਸ਼ਨ ਫਾਰਮਾਂ ਦੀ ਵੰਡ, ਮੈਪਿੰਗ ਅਤੇ ਹੋਰ ਪ੍ਰਕਿਰਿਆ ਨਿਰਧਾਰਿਤ ਸਮੇਂ ਤੋਂ ਪਹਿਲਾਂ 100 ਫ਼ੀਸਦੀ ਮੁਕੰਮਲ ਕਰ ਲਈ ਗਈ।ਰਾਜਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਬੂਥ ਵਿੱਚ 1157 ਵੋਟਰ ਦਰਜ ਸਨ। ਉਨ੍ਹਾਂ ਵੱਲੋਂ ਇਨਿਊਮਰੇਸ਼ਨ ਫਾਰਮਾਂ ਦੀ ਪਰਿਵਾਰ ਅਤੇ ਮਕਾਨ ਅਨੁਸਾਰ ਪਹਿਲਾਂ ਹੀ ਛਾਂਟੀ ਕਰ ਲਈ ਗਈ ਸੀ, ਜਿਸ ਨਾਲ ਵੰਡ ਅਤੇ ਡਿਜੀਟਾਈਜ਼ੇਸ਼ਨ ਦਾ ਕੰਮ ਤੇਜ਼ੀ ਨਾਲ ਸੰਪੰਨ ਹੋਇਆ। ਅਣ-ਮੈਪਡ ਵੋਟਰਾਂ ਤੱਕ ਘਰ-ਘਰ ਪਹੁੰਚ ਕਰਕੇ ਮੈਪਿੰਗ ਅਤੇ ਡਿਜੀਟਾਈਜ਼ੇਸ਼ਨ ਵੀ ਪੂਰੀ ਕੀਤੀ ਗਈ। ਇਸ ਦੇ ਨਾਲ ਹੀ ਗੈਰ ਹਾਜ਼ਰ, ਤਬਦੀਲ, ਮ੍ਰਿਤਕ ਜਾਂ ਦੋ ਵਾਰ ਦਰਜ ਵੋਟਰਾਂ ਦੀ ਪਛਾਣ ਕਰਕੇ ਲੋੜੀਂਦੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਗਈ। ਉਨ੍ਹਾਂ ਵੱਲੋਂ ਵੀ ਸਮੁੱਚੀ ਪ੍ਰਕਿਰਿਆ ਨਿਰਧਾਰਿਤ ਸਮੇਂ ਤੋਂ ਪਹਿਲਾਂ 100 ਫ਼ੀਸਦੀ ਪੂਰੀ ਕਰ ਲਈ ਗਈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੋਵਾਂ ਬੀ.ਐੱਲ.ਓਜ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ, ਸਮਰਪਣ ਅਤੇ ਸੁਚੱਜੀ ਕਾਰਜ ਪ੍ਰਣਾਲੀ ਹੋਰਨਾਂ ਬੀ.ਐੱਲ.ਓਜ਼ ਲਈ ਵੀ ਪ੍ਰੇਰਣਾ ਸਰੋਤ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ, ਸਹੀ ਅਤੇ ਪ੍ਰਭਾਵਸ਼ਾਲੀ ਬਣਾਉਣ ਵਿੱਚ ਬੀ.ਐੱਲ.ਓਜ਼ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH