
ਅਬੋਹਰ, 11 ਜੁਲਾਈ (ਹਿੰ.ਸ.)| ਅਬੋਹਰ ਵਿੱਚ ਤੇਜ਼ ਮੀਂਹ ਅਤੇ ਹਨੇਰੀ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਪਿੰਡ ਕਿੱਕਰ ਖੇੜਾ ਨੇੜੇ ਮਲੂਕਪੁਰਾ ਨਹਿਰੀ ਖਾਲ ਵਿੱਚ ਕਰੀਬ 60 ਫੁੱਟ ਲੰਬਾ ਪਾੜ੍ਹ ਪੈਣ ਕਾਰਨ ਆਲੇ-ਦੁਆਲੇ ਦੇ ਖੇਤਾਂ ਵਿੱਚ ਪਾਣੀ ਭਰ ਗਿਆ। ਇਸ ਕਾਰਨ ਲਗਭਗ 50 ਏਕੜ ਖੇਤੀਬਾੜੀ ਵਾਲੀ ਜ਼ਮੀਨ ਪਾਣੀ ਵਿੱਚ ਡੁੱਬ ਗਈ ਹੈ ਅਤੇ ਝੋਨੇ ਸਮੇਤ ਹੋਰ ਖੜ੍ਹੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ।ਜਾਣਕਾਰੀ ਅਨੁਸਾਰ ਤੇਜ਼ ਹਨੇਰੀ ਦੌਰਾਨ ਨਹਿਰੀ ਖਾਲ ਦੇ ਕਿਨਾਰੇ ਖੜ੍ਹਾ ਇੱਕ ਦਰੱਖਤ ਡਿੱਗ ਗਿਆ, ਜਿਸ ਕਾਰਨ ਨਹਿਰ ਦਾ ਕਿਨਾਰਾ ਟੁੱਟ ਗਿਆ। ਨਹਿਰੀ ਖਾਲ ਦਾ ਪਾਣੀ ਤੇਜ਼ੀ ਨਾਲ ਨਿਕਲ ਕੇ ਨੇੜਲੇ ਖੇਤਾਂ ਵਿੱਚ ਫੈਲ ਗਿਆ ਅਤੇ ਕੁਝ ਹੀ ਸਮੇਂ ਵਿੱਚ ਵੱਡਾ ਰਕਬਾ ਪਾਣੀ ਹੇਠ ਆ ਗਿਆ।ਪ੍ਰਭਾਵਿਤ ਕਿਸਾਨਾਂ ਪਾਲ ਸਿੰਘ, ਰਾਜਾ ਰਾਮ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ ਅਤੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਨਹਿਰ ਟੁੱਟਣ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨੁਕਸਾਨ ਦਾ ਤੁਰੰਤ ਗਿਰਦਾਵਰੀ ਰਾਹੀਂ ਮੁਲਾਂਕਣ ਕਰਵਾਇਆ ਜਾਵੇ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।ਨਹਿਰ ਵਿਭਾਗ ਦੇ ਉਪ ਮੰਡਲ ਅਧਿਕਾਰੀ ਜਸਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਖਰਾਬ ਮੌਸਮ ਅਤੇ ਤੇਜ਼ ਹਵਾਵਾਂ ਕਾਰਨ ਨਹਿਰੀ ਖਾਲ ਵਿੱਚ ਤਰੇੜ ਆਈ ਹੈ। ਵਿਭਾਗ ਦੀ ਟੀਮ ਨੂੰ ਮੌਕੇ 'ਤੇ ਭੇਜ ਦਿੱਤਾ ਗਿਆ ਹੈ ਅਤੇ ਨਹਿਰੀ ਖਾਲ ਦੀ ਮੁਰੰਮਤ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ, ਤਾਂ ਜੋ ਪਾਣੀ ਦੇ ਵਹਾਅ ਨੂੰ ਰੋਕਿਆ ਜਾ ਸਕੇ ਅਤੇ ਹੋਰ ਨੁਕਸਾਨ ਤੋਂ ਬਚਾਅ ਕੀਤਾ ਜਾ ਸਕੇ।
ਹਿੰਦੂਸਥਾਨ ਸਮਾਚਾਰ / GURSHARAN SINGH