
ਅੰਮ੍ਰਿਤਸਰ, 11 ਜੁਲਾਈ (ਹਿੰ.ਸ.)| ਸਿੱਖ ਰੈਜੀਮੈਂਟ ਦੇ ਬਹਾਦਰ ਸੈਨਿਕਾਂ ਦੇ ਸਾਹਸ, ਬਲਿਦਾਨ ਅਤੇ ਗੌਰਵਮਈ ਵਿਰਸੇ ਨੂੰ ਸ਼ਰਧਾਂਜਲੀ ਭੇਟ ਕਰਨ ਲਈ 12 ਜੁਲਾਈ ਨੂੰ ਅੰਮ੍ਰਿਤਸਰ ਰਾਈਡਰਜ਼ ਵੱਲੋਂ ਪੁਲ ਮੋਰਾਂ (ਪੁਲ ਕੰਜਰੀ) ਵਾਰ ਮੈਮੋਰੀਅਲ ਤੱਕ ਯਾਦਗਾਰੀ ਮੋਟਰਸਾਈਕਲ ਰਾਈਡ ਦਾ ਆਯੋਜਨ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਯਾਦਗਾਰੀ ਰਾਈਡ ਵਿੱਚ ਭਾਰਤੀ ਫੌਜ ਦੇ ਜਵਾਨਾਂ ਦੇ ਨਾਲ-ਨਾਲ ਸਿਵਲ ਮੋਟਰਸਾਈਕਲ ਰਾਈਡਰ ਵੀ ਸ਼ਮੂਲੀਅਤ ਕਰਨਗੇ। ਇਸ ਉਪਰਾਲੇ ਦਾ ਮਕਸਦ ਦੇਸ਼ ਦੀ ਰੱਖਿਆ ਲਈ ਆਪਣਾ ਸਰਵੋੱਚ ਬਲਿਦਾਨ ਦੇਣ ਵਾਲੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਅਤੇ ਨੌਜਵਾਨਾਂ ਵਿੱਚ ਦੇਸ਼ਭਗਤੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਹੈ।
ਰਾਈਡ ਦੀ ਸ਼ੁਰੂਆਤ ਸਵੇਰੇ 5:30 ਵਜੇ ਕੰਪਨੀ ਬਾਗ, ਅੰਮ੍ਰਿਤਸਰ ਤੋਂ ਹੋਵੇਗੀ, ਜਿੱਥੇ ਸਾਰੇ ਭਾਗੀਦਾਰ ਇਕੱਠੇ ਹੋਣਗੇ। ਇਸ ਤੋਂ ਬਾਅਦ ਮੋਟਰਸਾਈਕਲ ਕਾਫ਼ਲਾ ਲਗਭਗ 25 ਕਿਲੋਮੀਟਰ ਦਾ ਸਫ਼ਰ ਤੈਅ ਕਰਦਿਆਂ ਕਰੀਬ ਅੱਧੇ ਘੰਟੇ ਵਿੱਚ ਪੁਲ ਮੋਰਾਂ (ਪੁਲ ਕੰਜਰੀ) ਸਥਿਤ ਵਾਰ ਮੈਮੋਰੀਅਲ ਪਹੁੰਚੇਗਾ, ਜਿੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਮੋਟਰਸਾਈਕਲ ਪ੍ਰੇਮੀਆਂ, ਸਾਬਕਾ ਸੈਨਿਕਾਂ, ਸੇਵਾਰਤ ਫੌਜੀ ਜਵਾਨਾਂ ਅਤੇ ਦੇਸ਼ਭਗਤ ਨਾਗਰਿਕਾਂ ਨੂੰ ਇਸ ਯਾਦਗਾਰੀ ਰਾਈਡ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਸਿੱਖ ਰੈਜੀਮੈਂਟ ਦੇ ਬਹਾਦਰ ਸੈਨਿਕਾਂ ਦੇ ਬਲਿਦਾਨ ਨੂੰ ਯਾਦ ਰੱਖਣ ਦੇ ਨਾਲ-ਨਾਲ ਰਾਸ਼ਟਰੀ ਏਕਤਾ ਅਤੇ ਦੇਸ਼ਭਗਤੀ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ।
ਉਨ੍ਹਾਂ ਭਾਗੀਦਾਰਾਂ ਨੂੰ ਰਾਈਡ ਦੌਰਾਨ ਟ੍ਰੈਫਿਕ ਨਿਯਮਾਂ ਦੀ ਪੂਰੀ ਪਾਲਣਾ ਕਰਨ, ਹੈਲਮੈਟ ਦੀ ਵਰਤੋਂ ਕਰਨ, ਅਨੁਸ਼ਾਸਨ ਬਣਾਈ ਰੱਖਣ ਅਤੇ ਆਪਸੀ ਸਤਿਕਾਰ ਤੇ ਭਾਈਚਾਰੇ ਦੀ ਭਾਵਨਾ ਨਾਲ ਇਸ ਯਾਦਗਾਰੀ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ।
ਹਿੰਦੂਸਥਾਨ ਸਮਾਚਾਰ / GURSHARAN SINGH