
ਸਮਾਣਾ, 11 ਜੁਲਾਈ (ਹਿੰ.ਸ.)| ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ), ਸਮਾਣਾ ਵਿਖੇ ਬਿਜਲੀ ਦੀ ਬੱਚਤ ਕਿਉਂ ਤੇ ਕਿਵੇਂ ਕਰੀਏ ਵਿਸ਼ੇ 'ਤੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੇ ਡੀਐਸਐਮ ਦਫ਼ਤਰ ਦੀ ਟੀਮ ਨੇ ਵਿਦਿਆਰਥੀਆਂ ਨੂੰ ਬਿਜਲੀ ਦੀ ਸੁਚੱਜੀ ਵਰਤੋਂ ਅਤੇ ਊਰਜਾ ਸੰਜਮ ਦੇ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਸਮਾਗਮ ਵਿੱਚ ਵਧੀਕ ਨਿਗਰਾਨ ਇੰਜੀਨੀਅਰ ਇੰਜ. ਸ਼ੰਮੀ ਜਿੰਦਲ, ਏਈ ਇੰਜ. ਗਰੀਸ਼ ਕੁਮਾਰ ਮਹਾਜਨ, ਏਏਈ ਇੰਜ. ਅਮਰਜੀਤ ਸਿੰਘ ਅਤੇ ਇੰਜ. ਕਰਮਜੀਤ ਸਿੰਘ ਨੇ ਹਿੱਸਾ ਲਿਆ। ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਘਰਾਂ ਅਤੇ ਸਕੂਲਾਂ ਵਿੱਚ ਬਿਜਲੀ ਦੀ ਬੱਚਤ ਲਈ ਅਪਣਾਏ ਜਾ ਸਕਣ ਵਾਲੇ ਵਿਹਾਰਕ ਤਰੀਕਿਆਂ ਅਤੇ ਆਧੁਨਿਕ ਤਕਨੀਕਾਂ ਬਾਰੇ ਜਾਣੂ ਕਰਵਾਇਆ। ਵਿਦਿਆਰਥੀਆਂ ਨੇ ਵੀ ਰੋਜ਼ਾਨਾ ਜੀਵਨ ਵਿੱਚ ਊਰਜਾ ਬੱਚਤ ਦੇ ਤਰੀਕੇ ਅਪਣਾਉਣ ਦਾ ਸੰਕਲਪ ਲਿਆ।
ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਊਰਜਾ ਸੰਜਮ ਵਿਸ਼ੇ 'ਤੇ ਪੇਪਰ ਪੇਸ਼ ਕੀਤੇ ਗਏ ਅਤੇ ਬਿਜਲੀ ਬੱਚਤ ਸਬੰਧੀ ਬਣਾਈਆਂ ਪੇਂਟਿੰਗਾਂ ਦੀ ਵੀ ਪ੍ਰਦਰਸ਼ਨੀ ਲਗਾਈ ਗਈ, ਜਿਸ ਦੀ ਮਹਿਮਾਨਾਂ ਨੇ ਸ਼ਲਾਘਾ ਕੀਤੀ।
ਸਕੂਲ ਇੰਚਾਰਜ ਨਿਰਮਲ, ਸਟੇਜ ਸੰਚਾਲਕ ਗੁਰਧਿਆਨ ਸਿੰਘ ਅਤੇ ਹੋਰ ਅਧਿਆਪਕਾਂ ਅਮਨਪ੍ਰੀਤ ਕੌਰ, ਰੇਖਾ ਰਾਣੀ, ਵਨੀਤਾ ਰਾਣੀ, ਮਲਕੀਤ ਸਿੰਘ, ਜਸਪ੍ਰੀਤ ਕੌਰ, ਰਿਚਾ ਗੁਪਤਾ ਅਤੇ ਜੋਤੀ ਕਿਰਨ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਊਰਜਾ ਸੰਜਮ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਬਹੁਤ ਲਾਭਦਾਇਕ ਹਨ। ਉਨ੍ਹਾਂ ਉਮੀਦ ਜਤਾਈ ਕਿ ਪੀਐਸਪੀਸੀਐਲ ਵੱਲੋਂ ਭਵਿੱਖ ਵਿੱਚ ਵੀ ਵੱਧ ਤੋਂ ਵੱਧ ਸਕੂਲਾਂ ਵਿੱਚ ਇਸ ਤਰ੍ਹਾਂ ਦੇ ਜਾਗਰੂਕਤਾ ਸਮਾਗਮ ਕਰਵਾਏ ਜਾਣਗੇ।
ਸਮਾਗਮ ਦੇ ਅੰਤ ਵਿੱਚ ਪੇਪਰ ਪੜ੍ਹਨ ਅਤੇ ਪੇਂਟਿੰਗ ਮੁਕਾਬਲਿਆਂ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਪੀਐਸਪੀਸੀਐਲ ਦੀ ਡੀਐਸਐਮ ਟੀਮ ਵੱਲੋਂ ਊਰਜਾ ਸੰਜਮ ਦੇ ਸੰਦੇਸ਼ ਵਾਲੀਆਂ ਕਾਪੀਆਂ, ਪੈਨ ਅਤੇ ਮੱਗ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਵੀ ਕਾਪੀਆਂ ਅਤੇ ਪੈਨ ਦੇ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਅੰਤ ਵਿੱਚ ਸਕੂਲ ਪ੍ਰਬੰਧਕਾਂ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਹਿੰਦੂਸਥਾਨ ਸਮਾਚਾਰ / GURSHARAN SINGH