
ਚੰਡੀਗੜ੍ਹ, 11 ਜੁਲਾਈ (ਹਿੰ.ਸ.)| ਸੈਕਟਰ-32 ਸਥਿਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐਮਸੀਐਚ-32) ਨੂੰ ਵੱਡੀ ਉਪਲਬਧੀ ਮਿਲੀ ਹੈ। ਨੈਸ਼ਨਲ ਮੈਡੀਕਲ ਕਮਿਸ਼ਨ ਨੇ ਸੰਸਥਾਨ ਵਿੱਚ ਐਮਬੀਬੀਐਸ ਦੀਆਂ ਸਾਲਾਨਾ ਸੀਟਾਂ 150 ਤੋਂ ਵਧਾ ਕੇ 200 ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਮਨਜ਼ੂਰੀ ਅਕਾਦਮਿਕ ਸੈਸ਼ਨ 2026-27 ਤੋਂ ਲਾਗੂ ਹੋਵੇਗੀ।
ਇਸ ਫੈਸਲੇ ਨਾਲ ਖੇਤਰ ਵਿੱਚ ਮੈਡੀਕਲ ਸਿੱਖਿਆ ਨੂੰ ਵੱਡਾ ਹੁਲਾਰਾ ਮਿਲੇਗਾ। ਹੁਣ ਹੋਰ ਵੱਧ ਵਿਦਿਆਰਥੀਆਂ ਨੂੰ ਉੱਤਰ ਭਾਰਤ ਦੇ ਪ੍ਰਮੁੱਖ ਸਰਕਾਰੀ ਮੈਡੀਕਲ ਸੰਸਥਾਨਾਂ ਵਿੱਚ ਸ਼ਾਮਲ ਜੀਐਮਸੀਐਚ-32 ਵਿੱਚ ਪੜ੍ਹਾਈ ਕਰਨ ਦਾ ਮੌਕਾ ਮਿਲ ਸਕੇਗਾ।
ਸੰਸਥਾਨ ਪ੍ਰਸ਼ਾਸਨ ਨੇ ਇਸ ਮਨਜ਼ੂਰੀ ਨੂੰ ਇੱਕ ਮਹੱਤਵਪੂਰਨ ਉਪਲਬਧੀ ਦੱਸਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਫੈਸਲਾ ਮੈਡੀਕਲ ਸਿੱਖਿਆ ਨੂੰ ਹੋਰ ਮਜ਼ਬੂਤ ਕਰਨ, ਬੁਨਿਆਦੀ ਢਾਂਚੇ ਦੇ ਵਿਸਥਾਰ ਅਤੇ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਗੁਣਵੱਤਾ ਮਾਪਦੰਡਾਂ ਨੂੰ ਪੂਰਾ ਕਰਨ ਵੱਲ ਇੱਕ ਅਹਿਮ ਕਦਮ ਹੈ।
ਜੀਐਮਸੀਐਚ-32 ਵਿੱਚ 50 ਵਾਧੂ ਐਮਬੀਬੀਐਸ ਸੀਟਾਂ ਮਿਲਣ ਨਾਲ ਨਾ ਸਿਰਫ਼ ਮੈਡੀਕਲ ਸਿੱਖਿਆ ਦਾ ਦਾਇਰਾ ਵਧੇਗਾ, ਸਗੋਂ ਭਵਿੱਖ ਵਿੱਚ ਵੱਧ ਗਿਣਤੀ ਵਿੱਚ ਯੋਗ ਅਤੇ ਤਜਰਬੇਕਾਰ ਡਾਕਟਰ ਤਿਆਰ ਹੋਣਗੇ। ਇਸ ਨਾਲ ਖੇਤਰ ਦੀਆਂ ਸਿਹਤ ਸੇਵਾਵਾਂ ਨੂੰ ਵੀ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ।
ਪ੍ਰਸ਼ਾਸਨ ਮੁਤਾਬਕ, ਸੀਟਾਂ ਵਿੱਚ ਇਹ ਵਾਧਾ ਸੰਸਥਾਨ ਦੀਆਂ ਸਹੂਲਤਾਂ, ਅਧਿਆਪਕਾਂ ਦੀ ਉਪਲਬਧਤਾ ਅਤੇ ਮਰੀਜ਼ਾਂ ਦੀ ਸੇਵਾ ਨਾਲ ਜੁੜੇ ਢਾਂਚੇ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਗਿਆ ਹੈ। ਇਹ ਕਦਮ ਚੰਡੀਗੜ੍ਹ ਨੂੰ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਹੋਰ ਮਜ਼ਬੂਤ ਸਥਾਨ ਦਿਵਾਉਣ ਵਿੱਚ ਸਹਾਇਕ ਸਾਬਤ ਹੋਵੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH