ਮੋਰਿੰਡਾ ਨਗਰ ਕੌਂਸਲ ਚੋਣ ਵਿਵਾਦ: ਕਾਂਗਰਸੀ ਕੌਂਸਲਰਾਂ ਨੇ ਡੀਜੀਪੀ ਨੂੰ ਪੁਲਿਸ ਖ਼ਿਲਾਫ਼ ਕੀਤੀ ਸ਼ਿਕਾਇਤ
ਮੋਰਿੰਡਾ, 11 ਜੁਲਾਈ (ਹਿੰ.ਸ.)| ਮੋਰਿੰਡਾ ਨਗਰ ਕੌਂਸਲ ਪ੍ਰਧਾਨ ਦੀ ਚੋਣ ਨੂੰ ਲੈ ਕੇ ਵਿਵਾਦ ਹੋਰ ਗਹਿਰਾ ਗਿਆ ਹੈ। ਕਾਂਗਰਸ ਦੇ ਨੌਂ ਕੌਂਸਲਰਾਂ ਨੇ ਪੰਜਾਬ ਦੇ ਪੁਲਿਸ ਮਹਾਨਿਰਦੇਸ਼ਕ (ਡੀਜੀਪੀ) ਗੌਰਵ ਯਾਦਵ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਮੋਰਿੰਡਾ ਦੇ ਡੀਐਸਪੀ ਗੁਰਜੀਤ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮਾਂ ਖ਼ਿ
ਮੋਰਿੰਡਾ ਨਗਰ ਕੌਂਸਲ ਚੋਣ ਵਿਵਾਦ: ਕਾਂਗਰਸੀ ਕੌਂਸਲਰਾਂ ਨੇ ਡੀਜੀਪੀ ਨੂੰ ਪੁਲਿਸ ਖ਼ਿਲਾਫ਼ ਕੀਤੀ ਸ਼ਿਕਾਇਤ


ਮੋਰਿੰਡਾ, 11 ਜੁਲਾਈ (ਹਿੰ.ਸ.)| ਮੋਰਿੰਡਾ ਨਗਰ ਕੌਂਸਲ ਪ੍ਰਧਾਨ ਦੀ ਚੋਣ ਨੂੰ ਲੈ ਕੇ ਵਿਵਾਦ ਹੋਰ ਗਹਿਰਾ ਗਿਆ ਹੈ। ਕਾਂਗਰਸ ਦੇ ਨੌਂ ਕੌਂਸਲਰਾਂ ਨੇ ਪੰਜਾਬ ਦੇ ਪੁਲਿਸ ਮਹਾਨਿਰਦੇਸ਼ਕ (ਡੀਜੀਪੀ) ਗੌਰਵ ਯਾਦਵ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਮੋਰਿੰਡਾ ਦੇ ਡੀਐਸਪੀ ਗੁਰਜੀਤ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਕੌਂਸਲਰਾਂ ਦਾ ਦੋਸ਼ ਹੈ ਕਿ 10 ਜੁਲਾਈ ਨੂੰ ਪ੍ਰਧਾਨ ਦੀ ਚੋਣ ਦੌਰਾਨ ਉਨ੍ਹਾਂ ਨੂੰ ਵੋਟ ਪਾਉਣ ਤੋਂ ਰੋਕਿਆ ਗਿਆ ਅਤੇ ਉਨ੍ਹਾਂ ਦੇ ਲੋਕਤੰਤਰੀ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ।

ਜਾਣਕਾਰੀ ਅਨੁਸਾਰ, ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਆਜ਼ਾਦ ਉਮੀਦਵਾਰ ਜਗਪਾਲ ਸਿੰਘ ਜੌਲੀ ਨੂੰ ਮੋਰਿੰਡਾ ਨਗਰ ਕੌਂਸਲ ਦਾ ਪ੍ਰਧਾਨ ਬਣਾਇਆ, ਜੋ ਬਾਅਦ ਵਿੱਚ 'ਆਪ' ਵਿੱਚ ਸ਼ਾਮਲ ਹੋ ਗਏ ਸਨ। ਕਾਂਗਰਸ ਦਾ ਦਾਅਵਾ ਹੈ ਕਿ 15 ਮੈਂਬਰੀ ਹਾਊਸ ਵਿੱਚ ਉਸ ਕੋਲ ਬਹੁਮਤ ਸੀ ਅਤੇ ਉਸ ਦੇ 10 ਚੁਣੇ ਹੋਏ ਕੌਂਸਲਰਾਂ ਵਿੱਚੋਂ ਨੌਂ ਨੇ ਪੁਲਿਸ ਖ਼ਿਲਾਫ਼ ਦਿੱਤੀ ਗਈ ਸ਼ਿਕਾਇਤ 'ਤੇ ਦਸਤਖ਼ਤ ਕੀਤੇ ਹਨ।

ਕਾਂਗਰਸੀ ਕੌਂਸਲਰਾਂ ਨੇ ਦੋਸ਼ ਲਗਾਇਆ ਕਿ ਚੋਣ ਵਾਲੇ ਦਿਨ ਨਗਰ ਕੌਂਸਲ ਦਫ਼ਤਰ ਦੇ ਆਲੇ-ਦੁਆਲੇ ਭਾਰੀ ਪੁਲਿਸ ਫੋਰਸ ਤਾਇਨਾਤ ਕਰਕੇ ਪੂਰੇ ਇਲਾਕੇ ਨੂੰ ਪੁਲਿਸ ਕੰਟਰੋਲ ਹੇਠ ਕਰ ਦਿੱਤਾ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਨਿਰਧਾਰਿਤ ਸਮੇਂ ਤੋਂ ਪਹਿਲਾਂ ਦਫ਼ਤਰ ਪਹੁੰਚ ਗਏ ਸਨ, ਪਰ ਉਨ੍ਹਾਂ ਨੂੰ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ। ਕੌਂਸਲਰਾਂ ਨੇ ਇਹ ਵੀ ਦੋਸ਼ ਲਗਾਇਆ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਨਗਰ ਕੌਂਸਲ ਕੰਪਲੈਕਸ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਗਿਆ ਅਤੇ ਧੱਕਾ-ਮੁੱਕੀ ਕੀਤੀ ਗਈ।

ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੁਲਿਸ ਅਧਿਕਾਰੀਆਂ ਨੇ ਕੌਂਸਲਰਾਂ ਨੂੰ ਪ੍ਰਧਾਨ ਦੇ ਕਮਰੇ ਵਿੱਚ ਬਿਠਾ ਕੇ ਬਾਹਰੋਂ ਦਰਵਾਜ਼ਾ ਬੰਦ ਕਰ ਦਿੱਤਾ, ਜਿਸ ਨੂੰ ਉਨ੍ਹਾਂ ਨੇ ਗੈਰ-ਕਾਨੂੰਨੀ ਹਿਰਾਸਤ ਵਰਗਾ ਕਰਾਰ ਦਿੱਤਾ। ਕੌਂਸਲਰਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਵੋਟ ਪਾਉਣ ਦਾ ਮੌਕਾ ਦਿੱਤੇ ਬਿਨਾਂ ਹੀ ਪ੍ਰਧਾਨ ਦੀ ਚੋਣ ਦਾ ਐਲਾਨ ਕਰ ਦਿੱਤਾ ਗਿਆ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਚੋਣ ਤੋਂ ਪਹਿਲਾਂ ਉਨ੍ਹਾਂ ਨੂੰ ਕੌਂਸਲਰ ਵਜੋਂ ਸਹੁੰ ਵੀ ਨਹੀਂ ਚੁਕਾਈ ਗਈ ਸੀ।

ਇਸ ਸ਼ਿਕਾਇਤ 'ਤੇ ਮੰਦੀਪ ਸਿੰਘ ਬਾਜਵਾ, ਰਾਜੇਸ਼ ਕੁਮਾਰ ਸਿਸੋਦੀਆ, ਮਹਿੰਦਰ ਸਿੰਘ ਢਿੱਲੋਂ, ਕਮਲਜੀਤ ਕੌਰ, ਸਿਕੰਦਰ ਕੌਰ, ਸੁਰਿੰਦਰ ਕੌਰ, ਗੁੰਜਨ ਸੂਦ, ਨੇਹਾ ਸ਼ਰਮਾ ਅਤੇ ਪਿੰਕੀ ਕੌਰ ਦੇ ਦਸਤਖ਼ਤ ਹਨ। ਦੂਜੇ ਪਾਸੇ, ਰੂਪਨਗਰ ਦੇ ਸੀਨੀਅਰ ਪੁਲਿਸ ਕਪਤਾਨ ਮਨਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਇਹ ਸ਼ਿਕਾਇਤ ਪ੍ਰਾਪਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲਣ ਉਪਰੰਤ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande