
ਚੰਡੀਗੜ੍ਹ, 11 ਜੁਲਾਈ (ਹਿੰ.ਸ.)| ਪੰਜਾਬ ਸਰਕਾਰ ਨੇ ਸੂਬੇ ਦੇ ਜਨਤਕ ਟਰਾਂਸਪੋਰਟ ਖੇਤਰ ਵਿੱਚ ਵੱਡੇ ਵਿਸਥਾਰ ਦਾ ਐਲਾਨ ਕੀਤਾ ਹੈ। ਵਿੱਤ ਅਤੇ ਟਰਾਂਸਪੋਰਟ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਵਿੱਚ 1,279 ਨਵੀਆਂ ਸਰਕਾਰੀ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ, ਜਿਸ ਨਾਲ ਸਰਕਾਰੀ ਬੱਸਾਂ ਦਾ ਕੁੱਲ ਬੇੜਾ 2,267 ਤੋਂ ਵੱਧ ਕੇ 3,546 ਹੋ ਜਾਵੇਗਾ। ਇਹ ਵਾਧਾ ਕਰੀਬ 56 ਫੀਸਦੀ ਹੋਵੇਗਾ, ਜਿਸ ਨੂੰ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਦਾ ਸਭ ਤੋਂ ਵੱਡਾ ਫਲੀਟ ਵਿਸਥਾਰ ਦੱਸਿਆ ਗਿਆ ਹੈ।ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਵਿਸਥਾਰ ਦਾ ਮਕਸਦ ਸੂਬੇ ਦੇ ਹਰ ਵਰਗ ਦੇ ਲੋਕਾਂ ਨੂੰ ਸਸਤੀ, ਸੁਰੱਖਿਅਤ ਅਤੇ ਭਰੋਸੇਯੋਗ ਆਵਾਜਾਈ ਸਹੂਲਤ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਨਵੀਆਂ ਬੱਸਾਂ ਨਾਲ ਖਾਸ ਕਰਕੇ ਪੇਂਡੂ ਖੇਤਰਾਂ ਅਤੇ ਘੱਟ ਸੇਵਾ ਵਾਲੇ ਰੂਟਾਂ 'ਤੇ ਕਨੈਕਟੀਵਿਟੀ ਵਿੱਚ ਵੱਡਾ ਸੁਧਾਰ ਆਵੇਗਾ।ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 696 ਸਾਧਾਰਨ ਬੱਸਾਂ ਦੀ ਖਰੀਦ ਲਈ ਆਰਡਰ ਜਾਰੀ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ 387 ਬੱਸਾਂ ਪਨਬੱਸ ਅਤੇ 309 ਬੱਸਾਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ। ਕਰੀਬ 300 ਬੱਸਾਂ ਨਵੰਬਰ 2026 ਤੱਕ ਸੜਕਾਂ 'ਤੇ ਉਤਰਨ ਦੀ ਉਮੀਦ ਹੈ, ਜਦਕਿ ਬਾਕੀ ਬੱਸਾਂ ਦਸੰਬਰ 2026 ਤੱਕ ਪੜਾਅਵਾਰ ਢੰਗ ਨਾਲ ਸ਼ਾਮਲ ਕੀਤੀਆਂ ਜਾਣਗੀਆਂ।ਇਸ ਤੋਂ ਇਲਾਵਾ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੀ ਕਨੈਕਟੀਵਿਟੀ ਮਜ਼ਬੂਤ ਕਰਨ ਲਈ ਪੀਆਰਟੀਸੀ ਲਈ 100 ਮਿਡੀ ਬੱਸਾਂ ਵੀ ਖਰੀਦੀਆਂ ਜਾ ਚੁੱਕੀਆਂ ਹਨ, ਜੋ ਸਤੰਬਰ 2026 ਤੱਕ ਸੇਵਾ ਵਿੱਚ ਆ ਜਾਣਗੀਆਂ। ਨਵੀਆਂ ਬੱਸਾਂ ਵਿੱਚ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ। ਬੱਸਾਂ ਨੂੰ ਡੈਸ਼ਕੈਮ, ਅੰਦਰੂਨੀ ਸੀਸੀਟੀਵੀ ਕੈਮਰੇ, ਜੀਪੀਐਸ ਟਰੈਕਿੰਗ ਸਿਸਟਮ ਅਤੇ ਕਿਉਆਰ ਕੋਡ ਆਧਾਰਿਤ ਡਿਜੀਟਲ ਟਿਕਟਿੰਗ ਸਹੂਲਤ ਨਾਲ ਲੈਸ ਕੀਤਾ ਜਾਵੇਗਾ। ਇਸ ਨਾਲ ਯਾਤਰੀਆਂ ਦੀ ਸੁਰੱਖਿਆ ਵਧੇਗੀ ਅਤੇ ਟਿਕਟ ਪ੍ਰਣਾਲੀ ਹੋਰ ਸੁਵਿਧਾਜਨਕ ਬਣੇਗੀ।ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰੀ ਬੱਸਾਂ ਵਿੱਚ ਯਾਤਰਾ ਕਰਨ ਵਾਲੇ ਯਾਤਰੀਆਂ ਵਿੱਚ ਲਗਭਗ 54 ਫੀਸਦੀ ਔਰਤਾਂ ਹਨ। ਨਵੀਆਂ ਬੱਸਾਂ ਵਿੱਚ ਸੀਸੀਟੀਵੀਕੈਮਰੇ ਲਗਾਉਣ ਨਾਲ ਮਹਿਲਾ ਯਾਤਰੀਆਂ ਲਈ ਸੁਰੱਖਿਅਤ ਯਾਤਰਾ ਮਾਹੌਲ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਪੰਜਾਬ ਵਿੱਚ ਪ੍ਰਤੀ ਲੱਖ ਆਬਾਦੀ 'ਤੇ ਕਰੀਬ 7 ਸਰਕਾਰੀ ਬੱਸਾਂ ਉਪਲਬਧ ਹਨ। ਨਵੇਂ ਵਿਸਥਾਰ ਤੋਂ ਬਾਅਦ ਇਹ ਗਿਣਤੀ ਵੱਧ ਕੇ ਲਗਭਗ 12 ਬੱਸਾਂ ਪ੍ਰਤੀ ਲੱਖ ਆਬਾਦੀ ਹੋ ਜਾਵੇਗੀ।ਸਰਕਾਰ ਵੱਲੋਂ ਘੱਟ ਬੱਸਾਂ ਵਾਲੇ ਰੂਟਾਂ ਦੀ ਪਛਾਣ ਕਰਨ ਲਈ ਸੈਟੇਲਾਈਟ ਆਧਾਰਿਤ ਯਾਤਰਾ ਸਰਵੇਖਣ ਵੀ ਕਰਵਾਏ ਜਾ ਰਹੇ ਹਨ, ਤਾਂ ਜੋ ਬੱਸਾਂ ਦੀ ਤਾਇਨਾਤੀ ਲੋਕਾਂ ਦੀ ਅਸਲ ਲੋੜ ਦੇ ਅਨੁਸਾਰ ਕੀਤੀ ਜਾ ਸਕੇ। ਮੰਤਰੀ ਨੇ ਕਿਹਾ ਕਿ ਇਹ ਕਦਮ ਪੰਜਾਬ ਵਿੱਚ ਜਨਤਕ ਟਰਾਂਸਪੋਰਟ ਨੂੰ ਹੋਰ ਮਜ਼ਬੂਤ ਅਤੇ ਆਧੁਨਿਕ ਬਣਾਉਣ ਵੱਲ ਵੱਡਾ ਯਤਨ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH