
ਨੰਗਲ, 11 ਜੁਲਾਈ (ਹਿੰ.ਸ.)|ਭਾਰੀ ਬਾਰਿਸ਼ਾਂ ਤੋਂ ਬਾਅਦ ਭਾਖੜਾ ਡੈਮ ਵਿੱਚ ਪਾਣੀ ਦੀ ਆਮਦ ਲਗਾਤਾਰ ਵਧ ਰਹੀ ਹੈ। ਸ਼ਨੀਵਾਰ ਸਵੇਰੇ ਕਰੀਬ 6 ਵਜੇ ਦਰਜ ਕੀਤੇ ਗਏ ਅੰਕੜਿਆਂ ਅਨੁਸਾਰ ਭਾਖੜਾ ਡੈਮ ਦਾ ਜਲ ਪੱਧਰ 1574.92 ਫੁੱਟ ਰਿਕਾਰਡ ਕੀਤਾ ਗਿਆ। ਅਧਿਕਾਰਤ ਜਾਣਕਾਰੀ ਮੁਤਾਬਕ, ਭਾਖੜਾ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦੀ ਆਮਦ (ਇਨਫਲੋ) 54,302 ਕਿਊਸਿਕ ਦਰਜ ਕੀਤੀ ਗਈ, ਜਦਕਿ ਡੈਮ ਦੀਆਂ ਟਰਬਾਈਨਾਂ ਰਾਹੀਂ 24,250 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਨੰਗਲ ਡੈਮ ਤੋਂ ਅਨੰਦਪੁਰ ਹਾਈਡਲ ਨਹਿਰ ਵਿੱਚ 10,150 ਕਿਊਸਿਕ ਅਤੇ ਨੰਗਲ ਹਾਈਡਲ ਨਹਿਰ ਵਿੱਚ 12,350 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਨੰਗਲ ਹਾਈਡਲ ਨਹਿਰ ਰਾਹੀਂ ਬੀਬੀਐਮਬੀ ਦੇ ਸਹਿਯੋਗੀ ਰਾਜਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ।
ਨੰਗਲ ਡੈਮ ਤੋਂ 1,500 ਕਿਊਸਿਕ ਪਾਣੀ ਸਤਲੁਜ ਦਰਿਆ ਵਿੱਚ ਵੀ ਛੱਡਿਆ ਜਾ ਰਿਹਾ ਹੈ, ਤਾਂ ਜੋ ਦਰਿਆ ਦੇ ਵਹਾਅ ਨੂੰ ਸੰਤੁਲਿਤ ਰੱਖਿਆ ਜਾ ਸਕੇ। ਮੌਜੂਦਾ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਡੈਮ ਵਿੱਚ ਪਾਣੀ ਦੀ ਆਮਦ ਨਿਕਾਸ ਨਾਲੋਂ ਕਾਫ਼ੀ ਜ਼ਿਆਦਾ ਹੈ। ਇਸ ਕਾਰਨ ਗੋਬਿੰਦ ਸਾਗਰ ਝੀਲ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ। ਪ੍ਰਸ਼ਾਸਨ ਅਤੇ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਵੱਲੋਂ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋੜ ਪੈਣ 'ਤੇ ਪਾਣੀ ਦੀ ਨਿਕਾਸੀ ਸਬੰਧੀ ਫੈਸਲੇ ਹਾਲਾਤਾਂ ਅਨੁਸਾਰ ਲਏ ਜਾਣਗੇ।
ਹਿੰਦੂਸਥਾਨ ਸਮਾਚਾਰ / GURSHARAN SINGH