
ਨਵੀਂ ਦਿੱਲੀ, 12 ਜੁਲਾਈ (ਹਿੰ.ਸ.)। ਕੇਂਦਰ ਸਰਕਾਰ 13 ਤੋਂ 14 ਜੁਲਾਈ ਤੱਕ ਸ਼ਿਲਾਂਗ ਵਿੱਚ 'ਨੈਕਸਟਜਨ ਐਡਮਿਨਿਸਟ੍ਰੇਟਿਵ ਐਂਡ ਈ-ਗਵਰਨੈਂਸ ਰਿਫਾਰਮਜ਼' 'ਤੇ ਰਾਸ਼ਟਰੀ ਸੰਮੇਲਨ ਦਾ ਆਯੋਜਨ ਕਰੇਗੀ। ਉਦਘਾਟਨੀ ਸੈਸ਼ਨ ਨੂੰ ਕੇਂਦਰੀ ਰਾਜ ਮੰਤਰੀ (ਪ੍ਰਸੋਨਲ) ਡਾ. ਜਿਤੇਂਦਰ ਸਿੰਘ ਅਤੇ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਕੇ. ਸੰਗਮਾ ਸੰਬੋਧਨ ਕਰਨਗੇ।ਕੇਂਦਰੀ ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਨੇ ਦੱਸਿਆ ਕਿ ਇਹ ਪ੍ਰੋਗਰਾਮ ਮੇਘਾਲਿਆ ਸਰਕਾਰ ਦੇ ਸਹਿਯੋਗ ਨਾਲ ਪ੍ਰਸ਼ਾਸਕੀ ਸੁਧਾਰਾਂ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਵੱਲੋਂ ਆਯੋਜਿਤ ਕੀਤਾ ਜਾਵੇਗਾ। ਸੀਨੀਅਰ ਅਧਿਕਾਰੀਆਂ, ਜ਼ਿਲ੍ਹਾ ਕੁਲੈਕਟਰਾਂ ਅਤੇ ਸ਼ਾਸਨ ਮਾਹਿਰਾਂ ਸਮੇਤ 30 ਤੋਂ ਵੱਧ ਬੁਲਾਰੇ ਸੰਮੇਲਨ ਵਿੱਚ ਆਪਣੀਆਂ ਪੁਰਸਕਾਰ ਜੇਤੂ ਪਹਿਲਕਦਮੀਆਂ ਅਤੇ ਨਵੀਨਤਾਕਾਰੀ ਪ੍ਰਸ਼ਾਸਕੀ ਅਨੁਭਵ ਸਾਂਝੇ ਕਰਨਗੇ।ਇਸ ਸੰਮੇਲਨ ਦਾ ਉਦੇਸ਼ ਅਗਲੀ ਪੀੜ੍ਹੀ ਦੇ ਪ੍ਰਸ਼ਾਸਕੀ ਸੁਧਾਰਾਂ, ਡਿਜੀਟਲ ਸ਼ਾਸਨ, ਅਤੇ ਨਾਗਰਿਕ-ਕੇਂਦ੍ਰਿਤ ਜਨਤਕ ਸੇਵਾ ਪ੍ਰਦਾਨ ਕਰਨ 'ਤੇ ਵਿਚਾਰ-ਵਟਾਂਦਰਾ ਕਰਨਾ ਹੈ। ਉਦਘਾਟਨੀ ਸੈਸ਼ਨ ਨੂੰ ਡੀਏਆਰਪੀਜੀ ਸਕੱਤਰ ਨਿਵੇਦਿਤਾ ਸ਼ੁਕਲਾ ਵਰਮਾ ਅਤੇ ਮੇਘਾਲਿਆ ਦੇ ਮੁੱਖ ਸਕੱਤਰ ਡਾ. ਸ਼ਕੀਲ ਪੀ. ਅਹਿਮਦ ਵੀ ਸੰਬੋਧਨ ਕਰਨਗੇ। ਸੰਮੇਲਨ ਵਿੱਚ 300 ਤੋਂ ਵੱਧ ਭਾਗੀਦਾਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ, ਜਿਨ੍ਹਾਂ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀ, ਨੀਤੀ ਨਿਰਮਾਤਾ, ਸਿੱਖਿਆ ਸ਼ਾਸਤਰੀ ਅਤੇ ਪ੍ਰਸ਼ਾਸਨਿਕ ਮਾਹਰ ਸ਼ਾਮਲ ਹਨ।ਦੋ ਦਿਨਾਂ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੇ ਪੁਰਸਕਾਰ ਜੇਤੂ ਪਹਿਲ ਕਦਮੀਆਂ (2023 ਅਤੇ 2024), ਰਾਸ਼ਟਰੀ ਈ-ਸ਼ਾਸਨ ਪੁਰਸਕਾਰ ਜੇਤੂ ਪ੍ਰੋਜੈਕਟ, ਮੇਘਾਲਿਆ ਸਰਕਾਰ ਦੇ ਸਭ ਤੋਂ ਵਧੀਆ ਅਭਿਆਸ, ਅਤੇ ਉੱਤਰ-ਪੂਰਬੀ ਖੇਤਰ ਤੋਂ ਡੀਏਆਰਪੀਜੀ ਸਹਿਯੋਗੀ ਪਹਿਲਕਦਮੀਆਂ ਸ਼ਾਮਲ ਹੋਣਗੀਆਂ। ਵਿਸ਼ਿਆਂ ਵਿੱਚ ਜ਼ਿਲ੍ਹਾ-ਪੱਧਰੀ ਸੰਪੂਰਨ ਵਿਕਾਸ, ਡਿਜੀਟਲ ਸ਼ਾਸਨ, ਸਾਈਬਰ ਸੁਰੱਖਿਆ, ਸਿਹਤ, ਸਿੱਖਿਆ, ਖਪਤਕਾਰ ਸੁਰੱਖਿਆ, ਬੈਂਕਿੰਗ, ਸ਼ਹਿਰੀ ਅਤੇ ਪੇਂਡੂ ਪ੍ਰਸ਼ਾਸਨ, ਅਤੇ ਤਕਨਾਲੋਜੀ-ਸਮਰਥਿਤ ਸ਼ਾਸਨ ਸ਼ਾਮਲ ਹੋਣਗੇ।ਇਹ ਸੰਮੇਲਨ ਮੇਘਾਲਿਆ ਸਰਕਾਰ ਦੇ ਸਭ ਤੋਂ ਵਧੀਆ ਅਭਿਆਸਾਂ 'ਤੇ ਵਿਸ਼ੇਸ਼ ਸੈਸ਼ਨ ਨਾਲ ਸ਼ੁਰੂ ਹੋਵੇਗਾ, ਜਿਸ ਵਿੱਚ ਰਾਜ ਦੀਆਂ ਨਵੀਨਤਾਕਾਰੀ ਪ੍ਰਸ਼ਾਸਕੀ ਪਹਿਲਕਦਮੀਆਂ ਅਤੇ ਨਾਗਰਿਕ-ਕੇਂਦ੍ਰਿਤ ਸੁਧਾਰਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਪੁਰਸਕਾਰ ਜੇਤੂ ਪਹਿਲਕਦਮੀਆਂ ਅਤੇ ਰਾਸ਼ਟਰੀ ਈ-ਸ਼ਾਸਨ ਪੁਰਸਕਾਰ ਜੇਤੂ ਪ੍ਰੋਜੈਕਟਾਂ 'ਤੇ ਸੈਸ਼ਨ ਹੋਣਗੇ।
ਉੱਤਰ-ਪੂਰਬੀ ਖੇਤਰ ਦੇ ਵਿਕਾਸ 'ਤੇ ਕੇਂਦ੍ਰਿਤ ਇਸ ਸੈਸ਼ਨ ਵਿੱਚ ਬਾਂਸ ਅਤੇ ਅਗਰਵੁੱਡ ਮੁੱਲ ਲੜੀ, ਸੈਰ-ਸਪਾਟਾ, ਖੇਤਰੀ ਬੁਨਿਆਦੀ ਢਾਂਚਾ, ਪ੍ਰੋਜੈਕਟ ਨਿਗਰਾਨੀ ਅਤੇ ਅੰਤਰ-ਰਾਜੀ ਸਹਿਯੋਗ ਵਰਗੇ ਵਿਸ਼ਿਆਂ 'ਤੇ ਚਰਚਾ ਕੀਤੀ ਜਾਵੇਗੀ। ਮੇਘਾਲਿਆ, ਮਿਜ਼ੋਰਮ ਅਤੇ ਨਾਗਾਲੈਂਡ ਤੋਂ ਡੀਏਆਰਪੀਜੀ ਸਹਿਯੋਗੀ ਪਹਿਲਕਦਮੀਆਂ ਵੀ ਪੇਸ਼ ਕੀਤੀਆਂ ਜਾਣਗੀਆਂ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ