ਐਸਜੀਪੀਸੀ ਦਾ ਦਾਅਵਾ,ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਸਿੱਖ ਮਰਿਆਦਾ ਅਤੇ ਪਰੰਪਰਾ ਤਹਿਤ ਭੇਜਿਆ ਕੈਨੇਡਾ
ਚੰਡੀਗੜ੍ਹ, 12 ਜੁਲਾਈ (ਹਿੰ.ਸ.)| ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਕੈਨੇਡਾ ਭੇਜੇ ਜਾਣ ਸਬੰਧੀ ਸੋਸ਼ਲ ਮੀਡੀਆ ''ਤੇ ਚੱਲ ਰਹੇ ਕਥਿਤ ਭਰਮਪੂਰਨ ਪ੍ਰਚਾਰ ''ਤੇ ਚਿੰਤਾ ਪ੍ਰਗਟ ਕੀਤੀ ਹੈ। ਐਸਜੀਪੀਸੀ ਦੇ ਸਕੱਤਰ ਸਰਦਾਰ ਬਲਵਿੰਦਰ ਸਿੰਘ ਕਾਹ
ਬਲਵਿੰਦਰ ਸਿੰਘ ਕਾਹਲਵਾਂ


ਚੰਡੀਗੜ੍ਹ, 12 ਜੁਲਾਈ (ਹਿੰ.ਸ.)| ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਕੈਨੇਡਾ ਭੇਜੇ ਜਾਣ ਸਬੰਧੀ ਸੋਸ਼ਲ ਮੀਡੀਆ 'ਤੇ ਚੱਲ ਰਹੇ ਕਥਿਤ ਭਰਮਪੂਰਨ ਪ੍ਰਚਾਰ 'ਤੇ ਚਿੰਤਾ ਪ੍ਰਗਟ ਕੀਤੀ ਹੈ। ਐਸਜੀਪੀਸੀ ਦੇ ਸਕੱਤਰ ਸਰਦਾਰ ਬਲਵਿੰਦਰ ਸਿੰਘ ਕਾਹਲਵਾਂ ਨੇ ਕਿਹਾ ਕਿ ਕੁਝ ਲੋਕ ਜਾਣਬੁੱਝ ਕੇ ਸੰਗਤਾਂ ਵਿੱਚ ਭਰਮ ਫੈਲਾਉਣ ਅਤੇ ਸੰਸਥਾ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਸਪੱਸ਼ਟ ਕੀਤਾ ਕਿ ਕੈਨੇਡਾ ਦੀਆਂ ਸੰਗਤਾਂ ਅਤੇ ਉੱਥੋਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਧਾਰਮਿਕ ਲੋੜ ਅਤੇ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪੂਰੀ ਮਰਿਆਦਾ ਅਤੇ ਸਤਿਕਾਰ ਨਾਲ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕਰਕੇ ਕੈਨੇਡਾ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਪੂਰੀ ਪ੍ਰਕਿਰਿਆ ਦੌਰਾਨ ਸਿੱਖ ਮਰਿਆਦਾ ਅਤੇ ਪਰੰਪਰਾਵਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ।

ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇੰਗਲੈਂਡ, ਆਸਟ੍ਰੇਲੀਆ, ਬੈਂਕਾਕ ਸਮੇਤ ਕਈ ਦੇਸ਼ਾਂ ਵਿੱਚ ਨਿਰਧਾਰਤ ਪ੍ਰਕਿਰਿਆ ਅਤੇ ਮਨਜ਼ੂਰੀ ਤੋਂ ਬਾਅਦ ਪਾਵਨ ਸਰੂਪ ਭੇਜੇ ਜਾ ਚੁੱਕੇ ਹਨ। ਇਸੇ ਤਹਿਤ ਕੈਨੇਡਾ ਦੇ ਸਰੀ ਸਥਿਤ ਗੁਰੂ ਸਿੰਘ ਸਭਾ ਗੁਰਦੁਆਰਾ ਐਸੋਸੀਏਸ਼ਨ ਦੀ ਮੰਗ 'ਤੇ ਐਸਜੀਪੀਸੀ ਦੀ ਅੰਤਰਿੰਗ ਕਮੇਟੀ ਤੋਂ ਮਨਜ਼ੂਰੀ ਮਿਲਣ ਉਪਰੰਤ ਇਹ ਸੇਵਾ ਨਿਭਾਈ ਗਈ।

ਉਨ੍ਹਾਂ ਕਿਹਾ ਕਿ ਪਾਵਨ ਸਰੂਪ ਭੇਜਣ ਤੋਂ ਪਹਿਲਾਂ ਐਸਜੀਪੀਸੀ ਦੇ ਨੁਮਾਇੰਦਿਆਂ ਨੇ ਕੈਨੇਡਾ ਜਾ ਕੇ ਉੱਥੇ ਕੀਤੀਆਂ ਗਈਆਂ ਸਾਰੀਆਂ ਵਿਵਸਥਾਵਾਂ ਦਾ ਨਿਰੀਖਣ ਕੀਤਾ ਸੀ। ਇਸ ਤੋਂ ਇਲਾਵਾ ਸੰਸਥਾ ਦੇ ਨਿਰਦੇਸ਼ਾਂ 'ਤੇ ਇੱਕ ਵਫ਼ਦ ਨੇ ਗੁਰਦੁਆਰੇ ਵਿੱਚ ਪਹੁੰਚ ਕੇ ਪਾਵਨ ਸਰੂਪਾਂ ਦੇ ਸਤਿਕਾਰ ਅਤੇ ਮਰਿਆਦਾ ਅਨੁਸਾਰ ਕੀਤੇ ਗਏ ਪ੍ਰਬੰਧਾਂ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।

ਐਸਜੀਪੀਸੀ ਦੇ ਸਕੱਤਰ ਨੇ ਇਹ ਦੋਸ਼ ਵੀ ਪੂਰੀ ਤਰ੍ਹਾਂ ਰੱਦ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਕਿਸੇ ਵੀ ਤਰ੍ਹਾਂ ਦਾ ਵਪਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਦਾਅਵਾ ਪੂਰੀ ਤਰ੍ਹਾਂ ਝੂਠਾ ਅਤੇ ਬੇਬੁਨਿਆਦ ਹੈ। ਸੰਬੰਧਿਤ ਗੁਰਦੁਆਰਾ ਕਮੇਟੀ ਵੱਲੋਂ ਸੰਗਤ ਦੀ ਧਾਰਮਿਕ ਲੋੜ ਅਨੁਸਾਰ ਬਿਨਾਂ ਕਿਸੇ ਭੇਟ ਜਾਂ ਆਰਥਿਕ ਲਾਭ ਦੇ ਪਾਵਨ ਸਰੂਪ ਉਪਲਬਧ ਕਰਵਾਏ ਜਾ ਰਹੇ ਹਨ।

ਅੰਤ ਵਿੱਚ ਐਸਜੀਪੀਸੀ ਨੇ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਅਫਵਾਹਾਂ ਤੋਂ ਸਾਵਧਾਨ ਰਹਿਣ ਅਤੇ ਕਿਸੇ ਵੀ ਜਾਣਕਾਰੀ 'ਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਉਸ ਦੀ ਸੱਚਾਈ ਦੀ ਪੁਸ਼ਟੀ ਜ਼ਰੂਰ ਕਰਨ। ਸੰਸਥਾ ਨੇ ਦੁਹਰਾਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ, ਮਰਿਆਦਾ ਅਤੇ ਸਿੱਖ ਪਰੰਪਰਾਵਾਂ ਦੀ ਰੱਖਿਆ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande