ਨਕਲੀ ਆਈਪੀਐਸ ਅਫਸਰ ਬਣ ਕੇ ਠੱਗੀ ਕਰਨ ਵਾਲਾ ਪਤਨੀ ਸਮੇਤ ਗ੍ਰਿਫ਼ਤਾਰ
ਜਲੰਧਰ, 13 ਜੁਲਾਈ (ਹਿੰ.ਸ.)| ਜਲੰਧਰ ਦਿਹਾਤ ਪੁਲਿਸ ਨੇ ਇੱਕ ਸ਼ਾਤਿਰ ਠੱਗ ਅਤੇ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਖੁਦ ਨੂੰ ਨਕਲੀ ਆਈਪੀਐਸ ਅਫਸਰ ਦੱਸ ਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ। ਪੁਲਿਸ ਮੁਤਾਬਕ ਮੁਲਜ਼ਮ ਨੇ ਪੁਲਿਸ ਵਿਭਾਗ ਵਿੱਚ ਡੀਐਸਪੀ, ਇੰਸਪੈਕਟਰ ਅਤੇ ਹਵਾਲਦਾਰ ਦੀ ਨੌਕ
ਨਕਲੀ ਆਈਪੀਐਸ ਅਫਸਰ ਬਣ ਕੇ ਠੱਗੀ ਕਰਨ ਵਾਲਾ ਪਤਨੀ ਸਮੇਤ ਗ੍ਰਿਫ਼ਤਾਰ


ਜਲੰਧਰ, 13 ਜੁਲਾਈ (ਹਿੰ.ਸ.)| ਜਲੰਧਰ ਦਿਹਾਤ ਪੁਲਿਸ ਨੇ ਇੱਕ ਸ਼ਾਤਿਰ ਠੱਗ ਅਤੇ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਖੁਦ ਨੂੰ ਨਕਲੀ ਆਈਪੀਐਸ ਅਫਸਰ ਦੱਸ ਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ। ਪੁਲਿਸ ਮੁਤਾਬਕ ਮੁਲਜ਼ਮ ਨੇ ਪੁਲਿਸ ਵਿਭਾਗ ਵਿੱਚ ਡੀਐਸਪੀ, ਇੰਸਪੈਕਟਰ ਅਤੇ ਹਵਾਲਦਾਰ ਦੀ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਇੱਕ ਹੀ ਪਰਿਵਾਰ ਤੋਂ 31.50 ਲੱਖ ਰੁਪਏ ਠੱਗ ਲਏ। ਪੁਲਿਸ ਨੇ ਮੁਲਜ਼ਮਾਂ ਕੋਲੋਂ ਨਕਲੀ ਦਸਤਾਵੇਜ਼, ਲੈਪਟਾਪ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਹਨ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਠੱਗੀ ਦੀ ਰਕਮ ਨੂੰ ਮੁਲਜ਼ਮ ਨੇ ਕੱਪੜਿਆਂ ਦੇ ਕਾਰੋਬਾਰ, ਕਾਰ ਖਰੀਦਣ ਅਤੇ ਕੋਠੀ ਵਿੱਚ ਨਿਵੇਸ਼ ਕੀਤਾ ਸੀ।

ਇਹ ਮਾਮਲਾ ਜਲੰਧਰ ਦੇ ਸ਼ਾਹਕੋਟ ਦਾ ਹੈ। ਸ਼ਾਹਕੋਟ ਦੇ ਡੀਐਸਪੀਸਵਰਨ ਸਿੰਘ ਬੱਲ ਅਤੇ ਥਾਣਾ ਮੁਖੀ ਅਮਨ ਸੈਣੀ ਨੇ ਦੱਸਿਆ ਕਿ ਬਾਉਪੁਰ ਬੇਟ ਦੀ ਰਹਿਣ ਵਾਲੀ ਰਵੀਨ ਕੌਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਅਨੁਸਾਰ ਮੁਲਜ਼ਮ ਅਨਮੋਲ ਰਤਨ ਨੇ ਰਵੀਨ ਕੌਰ ਨੂੰ ਡੀਐਸਪੀ, ਉਸ ਦੀ ਭਤੀਜੀ ਸੰਦੀਪ ਕੌਰ ਨੂੰ ਇੰਸਪੈਕਟਰ ਅਤੇ ਭਰਾ ਹਰਦੀਪ ਸਿੰਘ ਨੂੰ ਹਵਾਲਦਾਰ ਬਣਵਾਉਣ ਦਾ ਭਰੋਸਾ ਦਿੱਤਾ। ਇਸ ਬਹਾਨੇ ਉਸ ਨੇ ਪਰਿਵਾਰ ਤੋਂ ਕੁੱਲ 31 ਲੱਖ 50 ਹਜ਼ਾਰ ਰੁਪਏ ਹੜੱਪ ਲਏ।

ਠੱਗੀ ਤੋਂ ਬਾਅਦ ਅਨਮੋਲ ਰਤਨ ਫਰਾਰ ਹੋ ਗਿਆ ਸੀ। ਪੁਲਿਸ ਮੁਤਾਬਕ ਉਹ ਆਪਣਾ ਟਿਕਾਣਾ ਅਤੇ ਮੋਬਾਈਲ ਨੰਬਰ ਵਾਰ-ਵਾਰ ਬਦਲਦਾ ਰਹਿੰਦਾ ਸੀ। ਇਸ ਦੌਰਾਨ ਉਸ ਨੇ ਠੱਗੀ ਦੀ ਰਕਮ ਵਿੱਚੋਂ 3 ਲੱਖ ਰੁਪਏ ਆਪਣੇ ਪਿਤਾ ਬਲਜੀਤ ਸਿੰਘ ਦੇ ਖਾਤੇ ਵਿੱਚ ਟਰਾਂਸਫਰ ਕੀਤੇ। ਇਸ ਸੁਰਾਗ ਦੇ ਆਧਾਰ ’ਤੇ ਪੁਲਿਸ ਨੇ ਕਾਰਵਾਈ ਕਰਦਿਆਂ ਮੁੱਖ ਮੁਲਜ਼ਮ ਨੂੰ 23 ਜੂਨ 2026 ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਉਸ ਨੂੰ ਕਪੂਰਥਲਾ ਜੇਲ੍ਹ ਭੇਜ ਦਿੱਤਾ ਗਿਆ ਸੀ।

ਮਾਮਲੇ ਦੀ ਜਾਂਚ ਅੱਗੇ ਵਧਾਉਂਦੇ ਹੋਏ ਸ਼ਾਹਕੋਟ ਥਾਣਾ ਪੁਲਿਸ ਅਤੇ ਸੀਆਈਏ ਸਟਾਫ ਦੀਆਂ ਟੀਮਾਂ ਨੇ ਟੈਕਨੀਕਲ ਸੈੱਲ ਦੀ ਮਦਦ ਲਈ। ਪੁਲਿਸ ਨੇ ਕਾਰਵਾਈ ਕਰਦਿਆਂ ਮੁੱਖ ਮੁਲਜ਼ਮ ਦੀ ਪਤਨੀ ਮਨਦੀਪ ਕੌਰ ਨੂੰ ਵੀ 8 ਜੁਲਾਈ ਨੂੰ ਗ੍ਰਿਫ਼ਤਾਰ ਕਰ ਲਿਆ। ਅਦਾਲਤ ਤੋਂ ਦੋਵਾਂ ਮੁਲਜ਼ਮਾਂ ਦਾ 5 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਠੱਗੀ ਦੇ ਪੂਰੇ ਨੈੱਟਵਰਕ ਬਾਰੇ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕੇ।

ਪੁੱਛਗਿੱਛ ਦੌਰਾਨ ਅਨਮੋਲ ਰਤਨ ਨੇ ਕਬੂਲ ਕੀਤਾ ਕਿ ਉਸ ਨੇ ਨਕਲੀ ਆਈਪੀਐਸ ਅਫਸਰ ਦੇ ਦਸਤਾਵੇਜ਼ ਤਿਆਰ ਕੀਤੇ ਸਨ। ਪੁਲਿਸ ਮੁਤਾਬਕ ਮੁਲਜ਼ਮ ਨੇ ਠੱਗੀ ਦੀ ਰਕਮ ਵਿੱਚੋਂ 17 ਲੱਖ ਰੁਪਏ ਸ਼ਾਹਕੋਟ ਵਿੱਚ ਆਪਣੇ ਰਿਸ਼ਤੇਦਾਰ ਦੀ ਰੈਡੀਮੇਡ ਕੱਪੜਿਆਂ ਦੀ ਦੁਕਾਨ ਵਿੱਚ ਲਗਾਏ। ਇਸ ਤੋਂ ਇਲਾਵਾ 1.10 ਲੱਖ ਰੁਪਏ ਨਾਲ ਸਿਆਜ਼ ਕਾਰ ਖਰੀਦੀ ਅਤੇ 10 ਲੱਖ ਰੁਪਏ ਨਕੋਦਰ ਵਿੱਚ ਕੋਠੀ ਖਰੀਦਣ ਲਈ ਦਿੱਤੇ। ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਇਸ ਠੱਗੀ ਮਾਮਲੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande