ਪਟਿਆਲਾ ਪੁਲਿਸ ਨੇ ਚਾਰ ਨੌਜਵਾਨਾਂ ਨੂੰ 15 ਪਿਸਤੌਲ ਅਤੇ 30 ਜ਼ਿੰਦਾ ਕਾਰਤੂਸਾਂ ਸਮੇਤ ਕੀਤਾ ਗ੍ਰਿਫਤਾਰ
ਪਟਿਆਲਾ, 13 ਜੁਲਾਈ (ਹਿੰ.ਸ.)| ਪਟਿਆਲਾ ਪੁਲਿਸ ਨੇ ਅੰਤਰਰਾਜੀ ਹਥਿਆਰ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 4 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 15 ਪਿਸਤੌਲ ਅਤੇ 30 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਮੁਤਾਬਕ ਮੁਲਜ਼ਮ ਡਿਲਿਵਰੀ ਬੁਆਏ ਦੀ ਵਰਦੀ ਪਾ ਕੇ ਗੈਰਕਾਨੂੰ
SSP Varun Sharma addressing the media


ਪਟਿਆਲਾ, 13 ਜੁਲਾਈ (ਹਿੰ.ਸ.)| ਪਟਿਆਲਾ ਪੁਲਿਸ ਨੇ ਅੰਤਰਰਾਜੀ ਹਥਿਆਰ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 4 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 15 ਪਿਸਤੌਲ ਅਤੇ 30 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਮੁਤਾਬਕ ਮੁਲਜ਼ਮ ਡਿਲਿਵਰੀ ਬੁਆਏ ਦੀ ਵਰਦੀ ਪਾ ਕੇ ਗੈਰਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਦੇ ਸਨ।

ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਡਿਲਿਵਰੀ ਕੰਪਨੀ ਦੇ ਕਰਮਚਾਰੀਆਂ ਦਾ ਭੇਸ ਬਣਾ ਕੇ ਵੱਖ-ਵੱਖ ਇਲਾਕਿਆਂ ਵਿੱਚ ਹਥਿਆਰ ਪਹੁੰਚਾ ਰਹੇ ਹਨ। ਸੂਚਨਾ ਦੇ ਆਧਾਰ ’ਤੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਸਾਂਝੀ ਕਾਰਵਾਈ ਕਰਦਿਆਂ ਚਾਰਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਵਿਸ਼ਾਲ ਵਾਸੀ ਪਿੰਡ ਗੜ੍ਹਦੀਵਾਲਾ, ਸੁਭਾਸ਼ ਵਾਸੀ ਸ਼ੀਸ਼ਗੜ੍ਹ (ਉੱਤਰ ਪ੍ਰਦੇਸ਼), ਜਿੰਦਰ ਵਾਸੀ ਪਿੰਡ ਟੱਲਾ (ਜ਼ਿਲ੍ਹਾ ਹੁਸ਼ਿਆਰਪੁਰ) ਅਤੇ ਬਾਦਲ ਵਾਸੀ ਭਾਰਗਵ ਕੈਂਪ, ਜਲੰਧਰ ਵਜੋਂ ਹੋਈ ਹੈ। ਪੁਲਿਸ ਦਾ ਦਾਅਵਾ ਹੈ ਕਿ ਬਾਦਲ ਇਸ ਗਿਰੋਹ ਦਾ ਮੁੱਖ ਸਰਗਨਾ ਹੈ।

ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਪਹਿਲਾਂ ਇੱਕ ਡਿਲਿਵਰੀ ਕੰਪਨੀ ਵਿੱਚ ਕੰਮ ਕਰਦੇ ਰਹੇ ਸਨ। ਇਸ ਤਜਰਬੇ ਦਾ ਫਾਇਦਾ ਚੁੱਕਦਿਆਂ ਉਨ੍ਹਾਂ ਨੇ ਡਿਲਿਵਰੀ ਬੁਆਏ ਵਰਗੀਆਂ ਵਰਦੀਆਂ ਤਿਆਰ ਕਰਵਾਈਆਂ ਅਤੇ ਇਨ੍ਹਾਂ ਦੀ ਵਰਤੋਂ ਹਥਿਆਰਾਂ ਦੀ ਤਸਕਰੀ ਲਈ ਕੀਤੀ। ਵਰਦੀ ਪਹਿਨਣ ਕਾਰਨ ਉਹ ਪੁਲਿਸ ਨਾਕਿਆਂ ’ਤੇ ਆਸਾਨੀ ਨਾਲ ਜਾਂਚ ਤੋਂ ਬਚ ਜਾਂਦੇ ਸਨ।

ਪੁਲਿਸ ਅਨੁਸਾਰ ਮੁਲਜ਼ਮ ਘੱਟ ਸਮੇਂ ਵਿੱਚ ਵੱਧ ਪੈਸਾ ਕਮਾਉਣ ਦੇ ਲਾਲਚ ਵਿੱਚ ਇਸ ਗੈਰਕਾਨੂੰਨੀ ਧੰਦੇ ਨਾਲ ਜੁੜੇ ਹੋਏ ਸਨ। ਹੁਣ ਪੁਲਿਸ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਬਰਾਮਦ ਕੀਤੇ ਗਏ ਹਥਿਆਰ ਕਿੱਥੋਂ ਲਿਆਂਦੇ ਗਏ ਸਨ ਅਤੇ ਇਹ ਕਿਨ੍ਹਾਂ ਲੋਕਾਂ ਤੱਕ ਪਹੁੰਚਾਏ ਜਾਣੇ ਸਨ।

ਐੱਸਐੱਸਪੀ ਵਰੁਣ ਸ਼ਰਮਾ ਨੇ ਕਿਹਾ ਕਿ ਗਿਰੋਹ ਨਾਲ ਜੁੜੇ ਹੋਰ ਮੈਂਬਰਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਵੀ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜਲਦੀ ਪੈਸਾ ਕਮਾਉਣ ਦੇ ਲਾਲਚ ਵਿੱਚ ਅਪਰਾਧ ਦਾ ਰਸਤਾ ਨਾ ਅਪਣਾਉਣ, ਕਿਉਂਕਿ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande