
ਚੰਡੀਗੜ੍ਹ, 13 ਜੁਲਾਈ (ਹਿੰ.ਸ.)| ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਸਹਾਇਤਾ ਰਕਮ ਪਹੁੰਚਣੀ ਸ਼ੁਰੂ ਹੋ ਗਈ ਹੈ। ਯੋਜਨਾ ਤਹਿਤ ਮਿਲ ਰਹੀ ਇਹ ਰਕਮ ਸੂਬੇ ਦੀਆਂ ਹਜ਼ਾਰਾਂ ਮਹਿਲਾਵਾਂ ਲਈ ਸਿਰਫ਼ ਆਰਥਿਕ ਮਦਦ ਨਹੀਂ, ਸਗੋਂ ਆਪਣੇ ਫ਼ੈਸਲੇ ਖੁਦ ਲੈਣ ਅਤੇ ਆਤਮ-ਸਨਮਾਨ ਨਾਲ ਜ਼ਿੰਦਗੀ ਜੀਣ ਦਾ ਸਾਧਨ ਬਣ ਰਹੀ ਹੈ।
ਪਿੰਡ ਅਦਾਲਤਪੁਰ ਦੀ 40 ਸਾਲਾ ਗਗਨਦੀਪ ਕੌਰ ਦੇ ਖਾਤੇ ਵਿੱਚ ₹3,000 ਦੀ ਰਕਮ ਆਈ ਹੈ। ਉਨ੍ਹਾਂ ਕਿਹਾ ਕਿ ਉਹ ਇਹ ਪੈਸਾ ਆਪਣੇ ਪੁੱਤਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਵਰਤਣਾ ਚਾਹੁੰਦੀ ਹੈ। ਉਨ੍ਹਾਂ ਲਈ ਆਪਣੇ ਖਾਤੇ ਵਿੱਚ ਸਿੱਧੀ ਆਈ ਰਕਮ ਇੱਕ ਖਾਸ ਅਹਿਸਾਸ ਹੈ, ਕਿਉਂਕਿ ਹੁਣ ਉਹ ਆਪਣੇ ਬੱਚੇ ਦੀਆਂ ਛੋਟੀਆਂ-ਵੱਡੀਆਂ ਇੱਛਾਵਾਂ ਆਪਣੇ ਪੈਸਿਆਂ ਨਾਲ ਪੂਰੀ ਕਰ ਸਕਣਗੀਆਂ।
ਇੱਛੇਵਾਲਾ ਪਿੰਡ ਦੀ ਘਰੇਲੂ ਕੰਮਕਾਜੀ ਸੋਮਾ ਦੇ ਖਾਤੇ ਵਿੱਚ ₹4,500 ਜਮ੍ਹਾਂ ਹੋਏ ਹਨ। ਉਨ੍ਹਾਂ ਦੱਸਿਆ ਕਿ ਇਹ ਰਕਮ ਉਨ੍ਹਾਂ ਲਈ ਆਰਥਿਕ ਸੁਰੱਖਿਆ ਦੇ ਨਾਲ ਆਤਮ-ਵਿਸ਼ਵਾਸ ਵੀ ਲੈ ਕੇ ਆਈ ਹੈ। ਸੋਮਾ ਨੇ ਕਿਹਾ ਕਿ ਉਹ ਇਹ ਪੈਸਾ ਆਪਣੀ ਸਿਹਤ ਲਈ ਵਰਤੇਗੀ ਅਤੇ ਪੌਸ਼ਟਿਕ ਭੋਜਨ, ਫਲ ਅਤੇ ਜ਼ਰੂਰੀ ਚੀਜ਼ਾਂ ਖਰੀਦੇਗੀ।
ਸੋਮਾ ਦੀ ਧੀ ਨੇ ਵੀ ਇਸ ਯੋਜਨਾ ਲਈ ਰਜਿਸਟ੍ਰੇਸ਼ਨ ਕਰਵਾਇਆ ਹੈ। ਦੋਵਾਂ ਨੂੰ ਮਿਲਣ ਵਾਲੀ ਰਕਮ ਨਾਲ ਉਹ ਧੀ ਦੀ ਪੜ੍ਹਾਈ, ਕੱਪੜਿਆਂ ਅਤੇ ਕਾਲਜ ਦੀਆਂ ਜ਼ਰੂਰਤਾਂ ਪੂਰੀ ਕਰਨ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਆਰਥਿਕ ਤੰਗੀ ਕਾਰਨ ਕਈ ਇੱਛਾਵਾਂ ਪੂਰੀਆਂ ਨਹੀਂ ਹੋ ਸਕਦੀਆਂ ਸਨ, ਪਰ ਹੁਣ ਕੁਝ ਰਾਹਤ ਮਿਲੀ ਹੈ।
ਸੁਨਾਮ ਦੀ 53 ਸਾਲਾ ਰੇਣੂ ਨੇ ਇਸ ਯੋਜਨਾ ਨੂੰ ਮਹਿਲਾਵਾਂ ਲਈ ਆਤਮਨਿਰਭਰਤਾ ਵੱਲ ਇੱਕ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਉਹ ਇਸ ਰਕਮ ਨਾਲ ਆਪਣੀਆਂ ਧੀਆਂ ਲਈ ਕੁਝ ਖਰੀਦਣਾ ਚਾਹੁੰਦੀ ਹੈ ਅਤੇ ਇਸ ਵਾਰ ਪਰਿਵਾਰ ਦੀ ਮਹਿਮਾਨਨਵਾਜ਼ੀ ਆਪਣੇ ਪੈਸਿਆਂ ਨਾਲ ਕਰੇਗੀ।
47 ਸਾਲਾ ਸਵਿਤਾ ਇਸ ਰਕਮ ਨੂੰ ਬਚਤ ਦੇ ਰੂਪ ਵਿੱਚ ਵਰਤਣ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਹਰ ਮਹੀਨੇ ਕੁਝ ਰਕਮ ਡਾਕਘਰ ਦੀ ਬਚਤ ਯੋਜਨਾ ਵਿੱਚ ਜਮ੍ਹਾਂ ਕਰੇਗੀ, ਤਾਂ ਜੋ ਭਵਿੱਖ ਵਿੱਚ ਪਰਿਵਾਰ ਲਈ ਸਹਾਰਾ ਬਣ ਸਕੇ।
ਬਠਿੰਡਾ ਦੀ ਜਸਬੀਰ ਕੌਰ ਇਸ ਸਹਾਇਤਾ ਨੂੰ ਆਪਣੀ ਧੀ ਦੀ ਉੱਚ ਸਿੱਖਿਆ ਨਾਲ ਜੋੜ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਹ ਰਕਮ ਧੀ ਦੀ ਕਾਲਜ ਫੀਸ ਅਤੇ ਹੋਰ ਸਿੱਖਿਆ ਸੰਬੰਧੀ ਖਰਚਿਆਂ ਲਈ ਵਰਤੇਗੀ।
ਗੁਰਦਾਸਪੁਰ ਦੀ 55 ਸਾਲਾ ਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲੀ ਰਕਮ ਨਾਲ ਉਹ ਆਪਣੀਆਂ ਦਵਾਈਆਂ ਦਾ ਖਰਚਾ ਪੂਰਾ ਕਰ ਸਕਣਗੀਆਂ। ਉਨ੍ਹਾਂ ਕਿਹਾ ਕਿ ਹੁਣ ਸਿਹਤ ਨਾਲ ਜੁੜੀਆਂ ਜ਼ਰੂਰਤਾਂ ਲਈ ਕਿਸੇ ਹੋਰ 'ਤੇ ਨਿਰਭਰਤਾ ਘੱਟ ਹੋਵੇਗੀ।
ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਹ ਯੋਜਨਾ ਮਹਿਲਾਵਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਅਤੇ ਉਨ੍ਹਾਂ ਨੂੰ ਆਪਣੇ ਖਰਚਿਆਂ ਲਈ ਖੁਦਮੁਖਤਿਆਰੀ ਦੇਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਸੂਬੇ ਦੀਆਂ ਮਹਿਲਾਵਾਂ ਲਈ ਇਹ ਰਕਮ ਬੱਚਿਆਂ ਦੀ ਸਿੱਖਿਆ, ਸਿਹਤ, ਬਚਤ ਅਤੇ ਪਰਿਵਾਰਕ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦਗਾਰ ਸਾਬਤ ਹੋ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH