ਫਿਰੋਜ਼ਪੁਰ ਦੇ ਮਹਾਬਲੀ ਸ਼ੇਰਾ ਨੇ ਪਾਵਰ ਸਲੈਪ ਮੁਕਾਬਲੇ 'ਚ ਸਾਬਕਾ ਚੈਂਪੀਅਨ ਜੈਕ ਹੇਗਰ ਨੂੰ ਇੱਕ ਥੱਪੜ ਨਾਲ ਕੀਤਾ ਢੇਰ
ਚੰਡੀਗੜ੍ਹ, 14 ਜੁਲਾਈ (ਹਿੰ.ਸ.)| ਪੰਜਾਬ ਦੇ ਫਿਰੋਜ਼ਪੁਰ ਨਾਲ ਸੰਬੰਧਿਤ ਰੈਸਲਰ ਅਮਨਪ੍ਰੀਤ ਸਿੰਘ, ਜੋ ਖੇਡ ਜਗਤ ਵਿੱਚ ਮਹਾਬਲੀ ਸ਼ੇਰਾ ਦੇ ਨਾਂ ਨਾਲ ਮਸ਼ਹੂਰ ਹਨ, ਨੇ ਲਾਸ ਵੇਗਾਸ ਵਿੱਚ ਹੋਏ ਪਾਵਰ ਸਲੈਪ-21 ਮੁਕਾਬਲੇ ਵਿੱਚ ਸਾਬਕਾ ਡਬਲਯੂ ਡਬਲਯੂ ਡਬਲਯੂ ਵਰਲਡ ਹੈਵੀਵੇਟ ਚੈਂਪੀਅਨ ਜੈਕ ਹੇਗਰ ਨੂੰ ਸ਼ਾਨਦਾਰ ਅੰ
ਫਿਰੋਜ਼ਪੁਰ ਦੇ ਮਹਾਬਲੀ ਸ਼ੇਰਾ ਜਿੱਤ ਤੋਂ ਬਾਅਤ ਭਾਰਤੀ ਤਿਰੰਗੇ ਨਾਲ।


ਚੰਡੀਗੜ੍ਹ, 14 ਜੁਲਾਈ (ਹਿੰ.ਸ.)| ਪੰਜਾਬ ਦੇ ਫਿਰੋਜ਼ਪੁਰ ਨਾਲ ਸੰਬੰਧਿਤ ਰੈਸਲਰ ਅਮਨਪ੍ਰੀਤ ਸਿੰਘ, ਜੋ ਖੇਡ ਜਗਤ ਵਿੱਚ ਮਹਾਬਲੀ ਸ਼ੇਰਾ ਦੇ ਨਾਂ ਨਾਲ ਮਸ਼ਹੂਰ ਹਨ, ਨੇ ਲਾਸ ਵੇਗਾਸ ਵਿੱਚ ਹੋਏ ਪਾਵਰ ਸਲੈਪ-21 ਮੁਕਾਬਲੇ ਵਿੱਚ ਸਾਬਕਾ ਡਬਲਯੂ ਡਬਲਯੂ ਡਬਲਯੂ ਵਰਲਡ ਹੈਵੀਵੇਟ ਚੈਂਪੀਅਨ ਜੈਕ ਹੇਗਰ ਨੂੰ ਸ਼ਾਨਦਾਰ ਅੰਦਾਜ਼ ਵਿੱਚ ਨਾਕਆਊਟ ਕਰਕੇ ਜਿੱਤ ਦਰਜ ਕੀਤੀ। ਇਸ ਮੁਕਾਬਲੇ ਵਿੱਚ ਸ਼ੇਰਾ ਨੇ ਤੀਜੇ ਰਾਊਂਡ ਦੇ ਪਹਿਲੇ ਹੀ ਥੱਪੜ ਨਾਲ ਹੇਗਰ ਨੂੰ ਬੇਹੋਸ਼ ਕਰ ਦਿੱਤਾ, ਜਿਸ ਤੋਂ ਬਾਅਦ ਰੈਫਰੀ ਨੇ ਉਨ੍ਹਾਂ ਨੂੰ ਜੇਤੂ ਐਲਾਨ ਦਿੱਤਾ।

ਮੁਕਾਬਲੇ ਦੇ ਪਹਿਲੇ ਦੋ ਰਾਊਂਡਾਂ ਵਿੱਚ ਜੈਕ ਹੇਗਰ ਅੰਕਾਂ ਦੇ ਹਿਸਾਬ ਨਾਲ ਅੱਗੇ ਸਨ। ਪਹਿਲੇ ਰਾਊਂਡ ਦਾ ਸਕੋਰ 10-9 ਅਤੇ ਦੂਜੇ ਰਾਊਂਡ ਤੋਂ ਬਾਅਦ 20-17 ਹੇਗਰ ਦੇ ਹੱਕ ਵਿੱਚ ਸੀ। ਹਾਲਾਂਕਿ ਸ਼ੇਰਾ ਨੇ ਹੌਂਸਲਾ ਨਹੀਂ ਛੱਡਿਆ ਅਤੇ ਤੀਜੇ ਰਾਊਂਡ ਵਿੱਚ ਸ਼ਾਨਦਾਰ ਵਾਪਸੀ ਕਰਦਿਆਂ ਇਕ ਜ਼ਬਰਦਸਤ ਥੱਪੜ ਨਾਲ ਹੇਗਰ ਨੂੰ ਮੈਟ 'ਤੇ ਡਿੱਗਾ ਦਿੱਤਾ। ਹੇਗਰ ਹੋਸ਼ ਵਿੱਚ ਨਾ ਆ ਸਕੇ ਅਤੇ ਰੈਫਰੀ ਨੇ ਨਾਕਆਊਟ ਦੇ ਆਧਾਰ 'ਤੇ ਸ਼ੇਰਾ ਨੂੰ ਜੇਤੂ ਕਰਾਰ ਦਿੱਤਾ। ਇਹ ਹੇਗਰ ਦੇ ਕਰੀਅਰ ਦੀ ਪਹਿਲੀ ਨਾਕਆਊਟ ਹਾਰ ਵੀ ਮੰਨੀ ਜਾ ਰਹੀ ਹੈ।

ਮੁਕਾਬਲੇ ਤੋਂ ਪਹਿਲਾਂ ਸ਼ੇਰਾ ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਮਸ਼ਹੂਰ ਗੀਤ 'ਤੇ ਸਟੇਡੀਅਮ ਵਿੱਚ ਦਾਖ਼ਲਾ ਕੀਤਾ। ਉਹ ਆਪਣੀ ਪਿੱਠ 'ਤੇ ਤਿਰੰਗਾ ਲੈ ਕੇ ਅਰੇਨਾ ਵਿੱਚ ਪਹੁੰਚੇ ਅਤੇ ਮੰਚ 'ਤੇ ਜਾਣ ਤੋਂ ਪਹਿਲਾਂ ਤਿਰੰਗੇ ਨੂੰ ਮੱਥੇ ਨਾਲ ਲਾ ਕੇ ਸਤਿਕਾਰ ਦਿੱਤਾ। ਦਰਸ਼ਕਾਂ ਨੇ ਸ਼ੇਰਾ-ਸ਼ੇਰਾ ਦੇ ਨਾਅਰਿਆਂ ਨਾਲ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ।

ਮੈਚ ਦੌਰਾਨ ਸ਼ੇਰਾ ਨੇ ਪੂਰੇ ਆਤਮਵਿਸ਼ਵਾਸ ਨਾਲ ਖੇਡ ਦਿਖਾਈ। ਪਹਿਲੇ ਦੋ ਰਾਊਂਡਾਂ ਵਿੱਚ ਪਿੱਛੇ ਰਹਿਣ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਕੋਚ ਨਾਲ ਰਣਨੀਤੀ ਬਣਾਈ ਅਤੇ ਤੀਜੇ ਰਾਊਂਡ ਵਿੱਚ ਇਕੋ ਥੱਪੜ ਨਾਲ ਮੁਕਾਬਲੇ ਦਾ ਨਤੀਜਾ ਆਪਣੇ ਹੱਕ ਵਿੱਚ ਕਰ ਲਿਆ। ਜਿੱਤ ਤੋਂ ਬਾਅਦ ਸ਼ੇਰਾ ਨੇ ਮੰਚ 'ਤੇ ਆਪਣੀ ਟੀ-ਸ਼ਰਟ ਉਤਾਰ ਕੇ ਜਸ਼ਨ ਮਨਾਇਆ ਅਤੇ ਤਿਰੰਗਾ ਮੁੜ ਆਪਣੀ ਪਿੱਠ 'ਤੇ ਲਪੇਟ ਕੇ ਭਾਰਤ ਦੀ ਸ਼ਾਨ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਇਸ ਜਿੱਤ ਦੀ ਸੋਸ਼ਲ ਮੀਡੀਆ 'ਤੇ ਵੀ ਖੂਬ ਚਰਚਾ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਮਹਾਬਲੀ ਸ਼ੇਰਾ ਇਸ ਤੋਂ ਪਹਿਲਾਂ ਟੀਐਨਏ ਰੈਸਲਿੰਗ, ਡਬਲਯੂ ਡਬਲਯੂ ਡਬਲਯੂ ਐਨਐਕਸਟੀ ਅਤੇ ਓਵੀਡਬਲਯੂ ਹੈਵੀਵੇਟ ਵਰਗੇ ਵੱਡੇ ਰੈਸਲਿੰਗ ਮੰਚਾਂ 'ਤੇ ਵੀ ਆਪਣਾ ਦਮ ਦਿਖਾ ਚੁੱਕੇ ਹਨ। ਹੁਣ ਪਾਵਰ ਸਲੈਪ ਵਿੱਚ ਇਹ ਜਿੱਤ ਉਨ੍ਹਾਂ ਦੇ ਕਰੀਅਰ ਦੀ ਇਕ ਹੋਰ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande