
ਪੰਜਾਬ ਪੁਲਿਸ ਨੇ ਦੋ ਸਾਲਾਂ 'ਚ 1,069 ਮਾਮਲਿਆਂ 'ਤੇ ਕੀਤੀ ਕਾਰਵਾਈ
ਚੰਡੀਗੜ੍ਹ, 14 ਜੁਲਾਈ (ਹਿੰ.ਸ.)| ਪੰਜਾਬ ਪੁਲਿਸ ਵੱਲੋਂ ਮਹਿਲਾਵਾਂ ਦੀ ਸੁਰੱਖਿਆ ਅਤੇ ਸਸ਼ਕਤੀਕਰਨ ਲਈ ਸ਼ੁਰੂ ਕੀਤੇ ਗਏ 'ਸਾਂਝ ਰਾਹਤ ਕੇਂਦਰ' ਹੁਣ ਇੱਕ ਪ੍ਰਭਾਵਸ਼ਾਲੀ ਕਮਿਊਨਿਟੀ ਪੁਲਿਸਿੰਗ ਮਾਡਲ ਵਜੋਂ ਉੱਭਰ ਕੇ ਸਾਹਮਣੇ ਆਏ ਹਨ। ਇਨ੍ਹਾਂ ਕੇਂਦਰਾਂ ਰਾਹੀਂ ਘਰੇਲੂ ਹਿੰਸਾ, ਧਮਕੀਆਂ ਅਤੇ ਹੋਰ ਸੰਕਟਾਂ ਦਾ ਸਾਹਮਣਾ ਕਰ ਰਹੀਆਂ ਮਹਿਲਾਵਾਂ ਨੂੰ ਕਾਊਂਸਲਿੰਗ, ਕਾਨੂੰਨੀ ਸਹਾਇਤਾ, ਪੁਲਿਸ ਸਹਿਯੋਗ ਅਤੇ ਮੁੜ ਵਸੇਬੇ ਵਰਗੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਪੰਜਾਬ ਪੁਲਿਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਪਿਛਲੇ ਦੋ ਸਾਲਾਂ ਦੌਰਾਨ ਸੂਬੇ ਦੇ ਚਾਰ ਸਾਂਝ ਰਾਹਤ ਕੇਂਦਰਾਂ ਨੇ 1,656 ਮਾਮਲਿਆਂ ਦੀ ਸਕ੍ਰੀਨਿੰਗ ਕੀਤੀ, ਜਿਨ੍ਹਾਂ ਵਿੱਚੋਂ 1,069 ਮਾਮਲੇ ਦਰਜ ਕਰਕੇ ਪੀੜਤ ਮਹਿਲਾਵਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਗਈ। ਸ਼ੁਰੂਆਤ ਵਿੱਚ ਮੋਹਾਲੀ, ਫਤਿਹਗੜ੍ਹ ਸਾਹਿਬ, ਲੁਧਿਆਣਾ ਅਤੇ ਜਲੰਧਰ ਵਿੱਚ ਸਥਾਪਿਤ ਕੇਂਦਰਾਂ 'ਤੇ ਸਿਰਫ਼ ਦੋ ਸਿਖਲਾਈ ਪ੍ਰਾਪਤ ਕਾਊਂਸਲਰ ਤਾਇਨਾਤ ਸਨ, ਪਰ ਹੁਣ ਇਸ ਸੇਵਾ ਦਾ ਦਾਇਰਾ ਕਾਫ਼ੀ ਵਧ ਚੁੱਕਾ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਹ ਕੇਂਦਰ ਸੰਕਟ ਵਿੱਚ ਘਿਰੀਆਂ ਮਹਿਲਾਵਾਂ ਨੂੰ ਮਾਨਸਿਕ ਸਦਮੇ ਤੋਂ ਉਭਾਰਨ ਅਤੇ ਉਨ੍ਹਾਂ ਨੂੰ ਸਨਮਾਨ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਈ ਮਾਮਲਿਆਂ ਵਿੱਚ ਸਮੇਂ ਸਿਰ ਪੁਲਿਸ ਦਖ਼ਲਅੰਦਾਜ਼ੀ ਕਰਕੇ ਮਹਿਲਾਵਾਂ ਨੂੰ ਹਿੰਸਾ ਤੋਂ ਬਚਾਇਆ ਗਿਆ, ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਅਤੇ ਇਲਾਜ ਤੇ ਰੋਜ਼ਗਾਰ ਤੱਕ ਦੀ ਸਹਾਇਤਾ ਵੀ ਦਿੱਤੀ ਗਈ।
ਸਪੈਸ਼ਲ ਡੀਜੀਪੀ ਗੁਰਪ੍ਰੀਤ ਕੌਰ ਦਿਓ ਨੇ ਦੱਸਿਆ ਕਿ ਸੂਬੇ ਭਰ ਵਿੱਚ 530 ਤੋਂ ਵੱਧ ਸਾਂਝ ਕੇਂਦਰ ਨਾਗਰਿਕ-ਕੇਂਦਰਿਤ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕੇਂਦਰ ਮਹਿਲਾਵਾਂ ਲਈ ਭਰੋਸੇਮੰਦ ਸਹਾਇਤਾ ਕੇਂਦਰ ਬਣ ਚੁੱਕੇ ਹਨ, ਜਿੱਥੇ ਉਨ੍ਹਾਂ ਨੂੰ ਕਾਊਂਸਲਿੰਗ, ਕਾਨੂੰਨੀ ਮਾਰਗਦਰਸ਼ਨ ਅਤੇ ਪੁਲਿਸ ਸੁਰੱਖਿਆ ਇੱਕੋ ਥਾਂ ਉਪਲੱਬਧ ਕਰਵਾਈ ਜਾਂਦੀ ਹੈ।
ਇਸ ਦੇ ਨਾਲ ਹੀ ਪੰਜਾਬ ਪੁਲਿਸ ਵੱਲੋਂ ਜਾਗਰੂਕਤਾ ਮੁਹਿੰਮਾਂ ਵੀ ਲਗਾਤਾਰ ਚਲਾਈਆਂ ਜਾ ਰਹੀਆਂ ਹਨ। ਪਿਛਲੇ ਦੋ ਸਾਲਾਂ ਦੌਰਾਨ ਹਜ਼ਾਰਾਂ ਸਕੂਲਾਂ ਅਤੇ ਲੱਖਾਂ ਵਿਦਿਆਰਥੀਆਂ ਨੂੰ ਬਾਲ ਸੁਰੱਖਿਆ, ਸਾਈਬਰ ਅਪਰਾਧ, ਘਰੇਲੂ ਹਿੰਸਾ, ਨਸ਼ਿਆਂ ਅਤੇ ਲਿੰਗ ਸਮਾਨਤਾ ਵਰਗੇ ਵਿਸ਼ਿਆਂ ਬਾਰੇ ਜਾਗਰੂਕ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH